ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮਤੀ ਤੇਰ੍ਹੀਆ ਜੋ ਕਾਂਗਰਸ ਪਾਰਟੀ ਨਾਲ ਹੀ ਸੰਬੰਧਿਤ ਹਨ, ਤੋਂ ਨਾਖੁਸ਼ ਹੁੰਦਿਆ ਆਪਣੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਨੂੰ ਅਸਤੀਫ਼ਾ ਭੇਜਿਆ ਹੈ। ਦੱਸ ਦੇਈਏ ਕਿ 31 ਮੈਂਬਰੀ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਸਲ ਵਿਚ ਕਾਂਗਰਸ ਦੇ ਮੌਜੂਦਾ 17 ਕੌਂਸਲਰ ਹਨ ਅਤੇ ਬਹੁਮਤ ਕਾਰਨ ਪ੍ਰਧਾਨ ਵੀ ਕਾਂਗਰਸ ਨਾਲ ਸੰਬੰਧਿਤ ਹੈ। ਕੌਂਸਲ ਦੀਆਂ ਵੋਟਾਂ ਉਪਰੰਤ ਉਸ ਸਮੇਂ ਕੈਬਨਿਟ ਮੰਤਰੀ ਅਤੇ ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੌਂਸਲ ਪ੍ਰਧਾਨ ਦੀ ਚੋਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹੁਣ ਬੀਤੇ ਕਰੀਬ 6 ਮਹੀਨਿਆਂ ਤੋਂ ਕਾਂਗਰਸ ਦੇ ਆਪਣੇ ਹੀ ਕੌਂਸਲਰ ਪ੍ਰਧਾਨ ਦਾ ਵਿਰੋਧ ਕਰ ਰਹੇ ਹਨ ਅਤੇ ਲਗਾਤਾਰ ਪ੍ਰਧਾਨ ਬਦਲਣ ਦੀ ਮੰਗ ਉਹ ਜ਼ਿਲ੍ਹਾ ਆਗੂਆਂ ਤੋਂ ਲੈ ਕੇ ਹਾਈਕਮਾਂਡ ਤੱਕ ਕਰ ਚੁੱਕੇ ਹਨ, ਪਰ ਪ੍ਰਧਾਨ ਨਾ ਬਦਲਣ ਦੇ ਚੱਲਦਿਆਂ ਖਫ਼ਾ ਹੋਏ 9 ਕਾਂਗਰਸੀ ਕੌਂਸਲਰਾਂ ਨੇ ਅੱਜ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।