ਬਟਾਲਾ ਚ ਵਿਆਹ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸ਼ੁਰੂ
ਬਟਾਲਾ, 22 ਸਤੰਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਬੀਬੀ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿਚ ਬਟਾਲਾ ਦੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਹ ਨਗਰ ਕੀਰਤਨ ਗੁਰਦੁਆਰਾ ਕੰਧ ਸਾਹਿਬ ਬਾਹਰ ਨਿਕਲ ਕੇ ਲਵ ਕੁਸ਼ ਚੌਂਕ ਤੋਂ ਅਗਲੇ ਪੜਾਅ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰੇ ਸਹਿਬਾਨ ਨੂੰ ਭੇਟ ਕੀਤੇ ਜਾ ਰਹੇ ਹਨ। ਜਗ੍ਹਾ ਜਗ੍ਹਾ ਉੱਪਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਕਈ ਪ੍ਰਕਾਰ ਦੇ ਪਕਵਾਨਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸ਼ਹਿਰ ਬਟਾਲਾ ਅਤੇ ਆਸ ਪਾਸ ਦੇ ਸਮੁੱਚੇ ਬਾਜ਼ਾਰਾਂ ਵਿਚ ਨਾਮ ਬਾਣੀ ਦੇ ਪ੍ਰਵਾਹ ਨਾਲ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਇੰਤਜ਼ਾਰ ਕਰ ਰਹੀਆਂ ਹਨ।