ਕੁੱਪ ਕਲਾਂ ਦੇ ਅਮਰੀਕਾ ਰਹਿੰਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ 'ਚ ਮੌਤ
ਕੁੱਪ ਕਲਾਂ, 23 ਜੁਲਾਈ ( ਮਨਜਿੰਦਰ ਸਿੰਘ ਸਰੌਦ)- ਅੱਜ ਉਸ ਵੇਲੇ ਇਲਾਕੇ ਅੰਦਰ ਸੋਗ ਦਾ ਮਾਹੌਲ ਪੈਦਾ ਹੋ ਗਿਆ ਜਦ ਮਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਘਵੀਰ ਸਿੰਘ ਲਾਡੀ ਕੁੱਪ ਦੇ ਹੋਣਹਾਰ ਨੌਜਵਾਨ ਪੁੱਤਰ ਜਸਨੂਰ ਸਿੰਘ ਔਲਖ (23) ਦੀ ਅਮਰੀਕਾ ਦੇ ਨਿਊਯਾਰਕ ਨੇੜੇ ਪੈਂਦੇ ਅਡਿਆਨਾ ਵਿਖੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਖਬਰ ਸੁਣਨ ਨੂੰ ਮਿਲੀ । ਜਾਣਕਾਰੀ ਅਨੁਸਾਰ ਨੌਜਵਾਨ ਜਸਨੂਰ ਸਿੰਘ ਆਪਣੇ ਘਰ ਤੋਂ ਕਿਸੇ ਕੰਮ ਲਈ ਮੋਟਰਸਾਈਕਲ ’ਤੇ ਨਿਕਲਿਆ ਤਾਂ ਅੱਗੋਂ ਕੁਝ ਦੂਰੀ ’ਤੇ ਜਾ ਕੇ ਮੁੱਖ ਸੜਕ ’ਤੇ ਇਕ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ਵਿਚ ਆ ਗਿਆ ਜਿੱਥੇ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ । ਬੇਹੱਦ ਮਿਹਨਤੀ ਤੇ ਸਾਊ ਸੁਭਾਅ ਦਾ ਮਾਲਕ ਜਸਨੂਰ ਸਿੰਘ ਮਕੈਨੀਕਲ ਡਿਪਲੋਮਾ ਪ੍ਰਾਪਤ ਅਮਰੀਕਾ ਦਾ ਪੱਕਾ ਨਾਗਰਿਕ ਸੀ । ਨੌਜਵਾਨ ਦੀ ਮੌਤ ’ਤੇ ਹਲਕੇ ਅੰਦਰ ਸੋਗ ਦੀ ਲਹਿਰ ਹੈ ।