ਕਪੂਰਥਲਾ, 27 ਅਕਤੂਬਰ (ਸਡਾਨਾ)-ਏ.ਟੀ.ਐਮ. ਕਾਰਡ ਚੋਰੀ ਕਰਕੇ ਧੋਖਾਧਡ਼ੀ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਆਪਣੀ ਸ਼ਿਕਾਇਤ ਵਿਚ ਜਲੇਸ਼ਵਰ ਪੰਡਿਤ ਵਾਸੀ ਸ਼ੇਖੂਪੁਰ ਨੇ ਦੱਸਿਆ ਕਿ ਬੀਤੇ ਦਿਨ ਉਹ ਕੈਨਰਾ ਬੈਂਕ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਲਈ ਗਿਆ ਤਾਂ ਉਸਦੇ ਪਿੱਛੇ ਹੀ ਖਡ਼ੇ ਦੋ ਨੌਜਵਾਨ ਬੂਥ ਦੇ ਅੰਦਰ ਆ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੇ ਕਾਰਡ ਰਾਹੀਂ 9 ਹਜ਼ਾਰ ਰੁਪਏ ਕਢਵਾਏ ਤੇ ਜਦੋਂ ਉਹ ਬਾਹਰ ਜਾਣ ਲੱਗਾ ਤਾਂ ਕਥਿਤ ਦੋਸ਼ੀ ਅਜੇ ਕੁਮਾਰ ਨੇ ਚਲਾਕੀ ਨਾਲ ਉਸਦਾ ਕਾਰਡ ਬਦਲ ਲਿਆ ਤੇ ਉਸਦੇ ਏ.ਟੀ.ਐਮ. ਕਾਰਡ ਵਿਚੋਂ ਪੈਸੇ ਕਢਵਾ ਲਏ। ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾ ਤਹਿਤ ਕਥਿਤ ਦੋਸ਼ੀ ਅਜੇ ਕੁਮਾਰ ਵਾਸੀ ਜਲੰਧਰ ਤੇ ਉਸਦੇ ਸਾਥੀ ਵਿਨੇ ਵਿਰੁੱਧ ਕੇਸ ਦਰਜ ਕਰਕੇ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਸਕਰਨ ਸਿੰਘ ਵਲੋਂ ਕੀਤੀ ਜਾ ਰਹੀ ਹੈ।