ਜੇਕਰ ਫ਼ੋਨ ਨਹੀਂ ਦਿੰਦੀ ਤਾਂ ਇਸ ਦੇ ਸਿਰ ’ ਚ ਦਾਤਰ ਮਾਰ ਸਕੂਟਰੀ ਸਵਾਰ ਔਰਤਾਂ ਤੋਂ ਦਾਤਰ ਦੇ ਜ਼ੋਰ ’ ਤੇ ਲੁੱਟ ਦੀ ਕੋਸ਼ਿਸ਼ , ਰੌਲਾ ਪਾਉਣ ’ ਤੇ ਲੁਟੇਰੇ ਫ਼ਰਾਰ
ਨਡਾਲਾ, 8 ਅਕਤੂਬਰ (ਰਘਬਿੰਦਰ ਸਿੰਘ)-ਨੇੜਲੇ ਪਿੰਡ ਇਬਰਾਹੀਮਵਾਲ ਤੋਂ ਬਾਮੂੰਵਾਲ ਨੂੰ ਸਕੂਟਰੀ ’ਤੇ ਜਾ ਰਹੀਆਂ 2 ਔਰਤਾਂ ਨੂੰ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਲੋਂ ਦਾਤਰ ਦੇ ਜ਼ੋਰ ’ਤੇ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਔਰਤਾਂ ਵਲੋਂ ਹਿੰਮਤ ਦਿਖਾਉਂਦਿਆਂ ਰੌਲਾ ਪਾਉਣ ਅਤੇ ਫ਼ੋਨ ਨਾ ਛੱਡਣ ਕਾਰਨ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਅਸਫਲ ਰਹੇ ਤੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਮੂੰਵਾਲ ਵਾਸੀ ਬਲਜਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਸ਼ਾਮ ਕਰੀਬ 7:30 ਵਜੇ ਇਬਰਾਹੀਮਵਾਲ ਤੋਂ ਆਪਣੀ ਸਹੇਲੀ ਪਿੰਕੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਬਾਮੂੰਵਾਲ ਵੱਲ ਆ ਰਹੀਆਂ ਸਨ, ਉਹ ਸਕੂਟਰੀ ਦੇ ਪਿੱਛੇ ਬੈਠੀ ਸੀ, ਜਦਕਿ ਪਿੰਕੀ ਸਕੂਟਰੀ ਚਲਾ ਰਹੀ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਨਾਈਆਂ ਵਾਲੇ ਰੋਡ ਨੇੜੇ ਪੁੱਜੀਆਂ ਤਾਂ ਪਿੱਛੋਂ ਨਡਾਲੇ ਤਰਫ਼ੋਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਨੇੜੇ ਆਏ, ਦੋਵਾਂ ਕੋਲ ਦਾਤਰ ਸਨ | ਇੱਕ ਨੌਜਵਾਨ ਮੋਟਰਸਾਈਕਲ ’ਤੇ ਹੀ ਰਿਹਾ, ਜਦਕਿ ਦੂਜਾ ਉਤਰ ਕੇ ਉਨ੍ਹਾਂ ਨਾਲ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਲੱਗ ਪਿਆ | ਉਸ ਨੇ ਦਾਤਰ ਨਾਲ ਹਮਲਾ ਕਰਕੇ ਸਾਨੂੰ ਸਕੂਟਰੀ ਤੋਂ ਹੇਠਾਂ ਸੁੱਟ ਦਿੱਤਾ ਅਤੇ ਮੇਰੇ ਤੋਂ ਮੋਬਾਈਲ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ | ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਹਿੰਮਤ ਕਰਦਿਆਂ ਫ਼ੋਨ ਨਹੀਂ ਛੱਡਿਆ | ਇਸ ਦੌਰਾਨ ਲੁਟੇਰੇ ਨੇ ਦਾਤਰ ਨਾਲ ਉਸ ’ਤੇ ਵਾਰ ਕੀਤਾ ਅਤੇ ਉਸ ਨੂੰ ਸੱਟਾਂ ਲੱਗੀਆਂ | ਜਦੋਂ ਉਸ ਨੇ ਰੌਲਾ ਪਾਇਆ ਤਾਂ ਮੋਟਰਸਾਈਕਲ ’ਤੇ ਬੈਠੇ ਉਸ ਦੇ ਸਾਥੀ ਨੇ ਕਥਿਤ ਤੌਰ ’ਤੇ ਕਿਹਾ ਕਿ ਜੇਕਰ ਫ਼ੋਨ ਨਹੀਂ ਦਿੰਦੀ ਤਾਂ ਇਸ ਦੇ ਸਿਰ ਵਿਚ ਦਾਤਰ ਮਾਰ ਦੇ | ਔਰਤਾਂ ਵਲੋਂ ਰੌਲਾ ਪਾਉਣ ਅਤੇ ਵਾਰਦਾਤ ਅਸਫਲ ਹੁੰਦੀ ਦੇਖ ਦੋਵੇਂ ਨੌਜਵਾਨ ਮੋਟਰਸਾਈਕਲ ਸਮੇਤ ਲੱਖਣ ਕੇ ਪੱਡੇ ਵੱਲ ਭੱਜ ਗਏ | ਬਲਜਿੰਦਰ ਕੌਰ ਨੇ ਦੱਸਿਆ ਕਿ ਸਕੂਟਰੀ ਚਲਾ ਰਹੀ ਪਿੰਕੀ ਦੇ ਡਿੱਗਣ ਕਾਰਨ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ, ਜਦਕਿ ਉਸ ਦੇ ਵੀ ਸੱਟਾਂ ਲੱਗੀਆਂ ਹਨ | ਘਟਨਾ ਸੰਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦਿਆਂ ਲੁਟੇਰਿਆਂ ਦੀ ਪਛਾਣ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ |