ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਯੁਕਰੇਨ ਦੀ ਜੰਗ ’ਚ ਫਸੇ ਨੌਜਵਾਨ ਦੀ 9 ਮਹੀਨਿਆਂ ਬਾਅਦ ਹੋਈ ਘਰ ਵਾਪਸੀ
ਸੁਲਤਾਨਪੁਰ ਲੋਧੀ, 6 ਅਕਤੂਬਰ (ਨਰੇਸ਼ ਹੈਪੀ)-ਰੂਸ-ਯੂਕਰੇਨ ਦੀ ਭਿਆਨਕ ਜੰਗ ਵਿਚ ਫਸਿਆ ਪਟਿਆਲਾ ਦਾ ਨੌਜਵਾਨ ਗਗਨਦੀਪ ਸਿੰਘ ਆਖ਼ਰਕਾਰ 9 ਮਹੀਨਿਆਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਆਪਣੇ ਪਰਿਵਾਰ ਵਿਚ ਪਰਤ ਆਇਆ | ਗਗਨਦੀਪ ਸਿੰਘ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ | ਇਸ ਮੌਕੇ ਉਸ ਨੇ ਦੱਸਿਆ ਕਿ ਉਹ ਮਈ 2025 ਵਿਚ ਸਟੱਡੀ ਵੀਜ਼ੇ ’ਤੇ ਰੂਸ ਗਿਆ ਸੀ | ਸਤੰਬਰ 2025 ਵਿਚ ਉਸ ਨੂੰ ਇੱਕ ਸਾਥੀ ਵਲੋਂ 2 ਲੱਖ ਰੁਪਏ ਮਹੀਨਾ ਤਨਖ਼ਾਹ ਦਾ ਲਾਲਚ ਦੇ ਕੇ ਧੋਖੇ ਨਾਲ ਰੂਸੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਗਿਆ | ਥੋੜ੍ਹੀ ਜਿਹੀ ਟਰੇਨਿੰਗ ਤੋਂ ਬਾਅਦ ਉਸ ਨੂੰ ਰੂਸ-ਯੂਕਰੇਨ ਜੰਗ ਦੇ ਮੈਦਾਨ ਵਿਚ ਭੇਜ ਦਿੱਤਾ ਗਿਆ | ਇਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ | ਗਗਨਦੀਪ ਦੇ ਪਰਿਵਾਰ ਨੇ ਬੀਤੀ 20 ਜਨਵਰੀ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ | ਸੰਤ ਸੀਚੇਵਾਲ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ਮੰਤਰਾਲੇ ਨੂੰ ਤਿੰਨ ਵਾਰ ਪੱਤਰ ਲਿਖੇ ਗਏ ਤੇ ਇੱਕ ਵਾਰ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਵੀ ਮਾਮਲਾ ਉਠਾਇਆ ਗਿਆ | ਸੰਤ ਸੀਚੇਵਾਲ ਦੇ ਯਤਨਾਂ ਸਦਕਾ ਗਗਨਦੀਪ ਬੀਤੀ 26 ਅਗਸਤ ਨੂੰ ਸੁਰੱਖਿਅਤ ਭਾਰਤ ਆਪਣੇ ਪਰਿਵਾਰ ਕੋਲ ਪਰਤ ਆਇਆ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ |