ਮੰਗਾਂ ਨੂੰ ਲੈ ਕੇ ਭੁਲੱਥ ਦੇ ਪਟਵਾਰੀਆਂ ਨੇ ਕੀਤੀ ਹੜਤਾਲ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਭੁਲੱਥ, 16 ਸਤੰਬਰ (ਮਨਜੀਤ ਸਿੰਘ ਰਤਨ)-ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਪਟਵਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਹੈ | ਇਸੇ ਤਹਿਤ ਅੱਜ ਤਹਿਸੀਲ ਭੁਲੱਥ ਵਿਖੇ ਤਾਇਨਾਤ ਸਮੂਹ ਪਟਵਾਰੀਆਂ ਵਲੋਂ ਕਲਮ ਛੋੜ ਹੜਤਾਲ ਕਰਦਿਆਂ ਦੁਪਹਿਰ 3 ਵਜੇ ਤੱਕ ਪਟਵਾਰ ਦਫ਼ਤਰ ਦੇ ਬਾਹਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪਟਵਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਪਟਵਾਰੀਆਂ ਨੇ ਦੱਸਿਆ ਕਿ ਯੂਨੀਅਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਲਮ ਛੋੜ ਹੜਤਾਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਸਮੂਹ ਪਟਵਾਰੀਆਂ ਦੀਆਂ ਕਈ ਮੰਗਾਂ ਅਧੂਰੀਆਂ ਲਟਕ ਰਹੀਆਂ ਹਨ, ਪਰ ਸਰਕਾਰ ਵੱਲੋਂ ਇਨ੍ਹਾਂ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਪਟਵਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਪਟਵਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਸਖ਼ਤ ਅਤੇ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਲੋਕਾਂ ਦੇ ਪ੍ਰਭਾਵਿਤ ਹੋ ਰਹੇ ਕੰਮਾਂ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ | ਇਸ ਮੌਕੇ ਤਹਿਸੀਲ ਭੁਲੱਥ ਪਟਵਾਰ ਯੂਨੀਅਨ ਦੇ ਪ੍ਰਧਾਨ ਪੰਕਜ ਗੜਵਾਲ, ਮਨਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ ਸਿੱਧੂ, ਰਾਜਪਾਲ ਸਿੰਘ, ਲਖਵੀਰ ਸਿੰਘ, ਕੁਲਦੀਪ ਰਾਮ, ਪੁਨੀਤ, ਕਾਨੂੰਗੋ ਕਰਮ ਸਿੰਘ, ਰਿਟਾਇਰਡ ਕਾਨੂੰਗੋ ਪ੍ਰਵੀਨ ਕੁਮਾਰ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ |