ਜੈਨਪੁਰ ਦੀ ਬੀੜ ਨੇੜੇ ਕਰਿਆਨਾ ਸਟੋਰ ਦੇ ਕਰਿੰਦੇ ਨੂੰ ਕੁੱਟਿਆ ਤੇ ਲੁੱਟਿਆ
ਡਡਵਿੰਡੀ, 1 ਸਤੰਬਰ (ਦਿਲਬਾਗ ਸਿੰਘ ਝੰਡ)-ਨੇੜਲੇ ਪਿੰਡ ਜੈਨਪੁਰ ਦੀ ਬੀੜ (ਜੰਗਲ) ਦੇ ਰਸਤੇ ਵਿਚ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਨੌਜਵਾਨ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨ ਉਪਰੰਤ ਮੋਬਾਈਲ ਫ਼ੋਨ ਖੋਹ ਲਏ ਜਾਣ ਦੀ ਸੂਚਨਾ ਹੈ | ਲੁਟੇਰਿਆਂ ਕੋਲ ਦਾਤਰ ਸਮੇਤ ਹੋਰ ਹਥਿਆਰ ਹੋਣ ਦੀ ਗੱਲ ਵੀ ਪੀੜਤ ਵਲੋਂ ਦੱਸੀ ਗਈ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦੇ ਦਿਲਕਸ਼ ਕੁਮਾਰ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿਖੇ ਅਤੁੱਲ ਕਰਿਆਨਾ ਸਟੋਰ ’ਤੇ ਕੰਮ ਕਰਦਾ ਹੈ ਅਤੇ ਦੁਕਾਨ ਮਾਲਕ ਦੇ ਕਹਿਣ ’ਤੇ ਉਹ ਕਰਿਆਨੇ ਦਾ ਸਾਮਾਨ ਪਿੰਡ ਜੈਨਪੁਰ ਛੱਡਣ ਲਈ ਜਾ ਰਿਹਾ ਸੀ, ਜਦੋਂ ਉਸ ਨੇ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ਤੋਂ ਜੈਨਪੁਰ ਵੱਲ ਨੂੰ ਮੁੜਨ ਲਈ ਰੇਹੜੀ ਦੀ ਰਫ਼ਤਾਰ ਘੱਟ ਕੀਤੀ ਤਾਂ ਬੀੜ ਨੇੜੇ ਰਸਤੇ ’ਚ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ | ਉਨ੍ਹਾਂ ਦੱਸਿਆ ਕਿ ਚਾਰਾਂ ਨੌਜਵਾਨਾਂ ਕੋਲ ਦਾਤਰ ਅਤੇ ਹੋਰ ਹਥਿਆਰ ਸਨ | ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਦਿਆਂ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ | ਇਸ ਦੌਰਾਨ ਲੁਟੇਰਿਆਂ ਨੇ ਉਸ ਦੇ ਗਲ ਵਿਚ ਪਾਈ ਚੇਨ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਹੱਥੋਪਾਈ ਦੌਰਾਨ ਚੇਨ ਹੇਠਾਂ ਡਿਗ ਪਈ, ਜਿਸ ਨੂੰ ਉਹ ਮੁੜ ਚੁੱਕਣ ’ਚ ਕਾਮਯਾਬ ਹੋ ਗਿਆ | ਉਨ੍ਹਾਂ ਦੱਸਿਆ ਕਿ ਵਾਪਸ ਆ ਕੇ ਸਾਰੀ ਘਟਨਾ ਆਪਣੇ ਦੁਕਾਨ ਮਾਲਕ ਨੂੰ ਦੱਸੀ | ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੀੜ ਅਤੇ ਹੋਰ ਸੁੰਨਸਾਨ ਰਸਤਿਆਂ ’ਤੇ ਗਸ਼ਤ ਵਧਾ ਕੇ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ |