ਚੰਦਨ ਗਰੇਵਾਲ ਚੇਅਰਮੈਨ ਪੰਜਾਬ ਰਾਜ ਸਫ਼ਾਈ ਕਮਿਸ਼ਨ ਨੇ ਬੇਗੋਵਾਲ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਈ
ਬੇਗੋਵਾਲ, 1 ਅਗਸਤ (ਸੁਖਜਿੰਦਰ ਸਿੰਘ)-ਪੰਜਾਬ ਭਰ ਵਿਚ ਸਫ਼ਾਈ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਨੂੰ ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਬੇਗੋਵਾਲ ਨਗਰ ਪੰਚਾਇਤ ਵਿਚ ਪੁੱਜ ਕੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਈ | ਇਸ ਸਮੇਂ ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਸਾਡੇ ਜੋ ਸਫ਼ਾਈ ਕਰਮਚਾਰੀਆਂ ਨੇ ਆਪਣੇ ਹੱਕੀ ਮੰਗਾਂ ਲਈ ਜੋ ਹੜਤਾਲ ਕੀਤੀ ਸੀ ਉਸ ਸਬੰਧੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਹੱਕੀ ਜਾਇਜ਼ ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਜੋ ਬਰਨਾਲੇ ਦੇ ਵਿਚ ਕਾਂਡ ਵਾਪਰਿਆ ਸੀ ਉਸ ਸਬੰਧੀ ਇੱਕ ਸਿੱਟ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਸਿੱਟ ਦੇ ਨਤੀਜੇ ਮੁਤਾਬਿਕ ਅਗਲੀ ਕਾਰਵਾਈ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇਗੀ | ਇਸ ਸਮੇਂ ਉਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਹੜਤਾਲ ਵਾਪਸ ਲੈਣ ਜਿਨ੍ਹਾਂ ਦੀ ਅਪੀਲ ਤੇ ਬੇਗੋਵਾਲ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਜਿਨ੍ਹਾਂ ਦਾ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਸਵਾਗਤ ਕੀਤਾ ਗਿਆ | ਇਸ ਸਮੇਂ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਮੁਕੇਸ਼ ਕੁਮਾਰ ਨੇ ਚੇਅਰਮੈਨ ਚੰਦਨ ਗਰੇਵਾਲ ਦਾ ਤੇ ਸਾਥੀ ਕਰਮਚਾਰੀਆਂ ਦਾ ਧੰਨਵਾਦ ਕੀਤਾ | ਇਸ ਸਮੇਂ ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਕੁਲਬੀਰ ਸਿੰਘ, ਸਰਬਜੀਤ ਸਿੰਘ ਖਾਸਰੀਆ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਫ਼ਾਈ ਕਰਮਚਾਰੀ ਅਤੇ ਉਨ੍ਹਾਂ ਦੇ ਅਹੁਦੇਦਾਰ ਹਾਜ਼ਰ ਸਨ |