07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਨਸੀਰਪੁਰ ਦੀ ਸਰਕਾਰੀ ਡਿਸਪੈਂਸਰੀ ਨੂੰ ਲੱਗੇ ਤਾਲੇ, 9 ਪਿੰਡਾਂ ਦੇ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ

ਅਜੀਤ ਡੈਸਕ 27-07-2026
ਸੁਲਤਾਨਪੁਰ ਲੋਧੀ, 26 ਜੁਲਾਈ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਪਿੰਡ ਨਸੀਰਪੁਰ ਵਿਚ ਸਰਕਾਰੀ ਡਿਸਪੈਂਸਰੀ ਲੰਬੇ ਸਮੇਂ ਤੋਂ ਸਟਾਫ਼ ਦੀ ਘਾਟ ਕਾਰਨ ਬੰਦ ਪਈ ਹੋਣ ਨਾਲ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਡਿਸਪੈਂਸਰੀ ਦੇ ਬਾਹਰ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਸਿਵਲ ਸਰਜਨ ਅਤੇ ਐੱਸ. ਐੱਮ. ਓ. ਟਿੱਬਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦੀਆਂ ਸਿਹਤ ਸੇਵਾਵਾਂ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਗਈਆਂ ਹਨ, ਜਦਕਿ ਪਿੰਡਾਂ ਦੇ ਲੋਕ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ | ਸਰਪੰਚ ਬਲਜਿੰਦਰ ਕੌਰ ਅਤੇ ਸਾਬਕਾ ਸਰਪੰਚ ਹਰਦੇਵ ਸਿੰਘ ਗੋਲਡੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਡਿਸਪੈਂਸਰੀ ਵਿਚ ਤਾਇਨਾਤ ਡਾਕਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ, ਪਰ ਉਸ ਤੋਂ ਬਾਅਦ ਅੱਜ ਤੱਕ ਇੱਥੇ ਕਿਸੇ ਵੀ ਡਾਕਟਰ ਜਾਂ ਹੋਰ ਸਟਾਫ਼ ਦੀ ਨਿਯੁਕਤੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਣੀ ਇਹ ਡਿਸਪੈਂਸਰੀ ਹੁਣ ਸਟਾਫ਼ ਦੀ ਘਾਟ ਕਾਰਨ ਤਾਲਾਬੰਦ ਪਈ ਹੈ | ਸਰਪੰਚ ਬਲਜਿੰਦਰ ਕੌਰ ਅਤੇ ਸਾਬਕਾ ਸਰਪੰਚ ਹਰਦੇਵ ਸਿੰਘ ਗੋਲਡੀ ਨੇ ਦੱਸਿਆ ਕਿ ਨਸੀਰਪੁਰ ਦੀ ਇਸ ਡਿਸਪੈਂਸਰੀ ਨਾਲ ਨਸੀਰਪੁਰ, ਬੂਲਪੁਰ, ਬੂਲਪੁਰ ਬਸਤੀ, ਸਰਦਾਰ ਪੱਤੀ ਨਬੀ ਬਖ਼ਸ਼, ਕਾਲਰੂ, ਭਰੋਵਾਲ, ਜਾਂਗਲਾ, ਸ਼ਿਕਾਰਪੁਰ ਅਤੇ ਰੰਗੀਲਪੁਰ ਸਮੇਤ ਕਰੀਬ ਨੌਂ ਪਿੰਡਾਂ ਦੇ ਲੋਕ ਜੁੜੇ ਹੋਏ ਹਨ | ਡਿਸਪੈਂਸਰੀ ਬੰਦ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਛੋਟੇ-ਮੋਟੇ ਇਲਾਜ ਲਈ ਵੀ ਦੂਰ ਜਾਣਾ ਪੈਂਦਾ ਹੈ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ | ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਹ ਕਈ ਵਾਰ ਐੱਸ. ਐੱਮ. ਓ. ਟਿੱਬਾ ਨੂੰ ਮਿਲ ਕੇ ਸਟਾਫ਼ ਦੀ ਤਾਇਨਾਤੀ ਦੀ ਮੰਗ ਕਰ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ ਹਨ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸੀਰਪੁਰ ਡਿਸਪੈਂਸਰੀ ਵਿਚ ਤੁਰੰਤ ਡਾਕਟਰ ਤੇ ਲੋੜੀਂਦਾ ਸਟਾਫ਼ ਤਾਇਨਾਤ ਕਰਕੇ ਸਿਹਤ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਸਰਪੰਚ ਬਲਜਿੰਦਰ ਕੌਰ, ਪੰਚ ਜਗਬੀਰ ਕੌਰ, ਪੰਚ ਸੁਖਵਿੰਦਰ ਸਿੰਘ, ਪੰਚ ਲਵਜਿੰਦਰ ਸਿੰਘ, ਪੰਚ ਰੁਪਿੰਦਰ ਕੌਰ, ਪੰਚ ਅਮਰਨਾਥ, ਸਾਬਕਾ ਸਰਪੰਚ ਹਰਦੇਵ ਸਿੰਘ, ਗੁਰਵਿੰਦਰ ਸਿੰਘ, ਸ਼ਿਵਦੇਵ ਸਿੰਘ, ਪਰਮਜੀਤ ਸਿੰਘ, ਰਾਗੀ ਸਤਿੰਦਰ ਪਾਲ ਸਿੰਘ, ਰਣਜੋਤ ਸਿੰਘ, ਇੰਦਰਜੀਤ ਕੌਰ, ਨਰਿੰਦਰਜੀਤ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਅਮਰਜੀਤ ਕੌਰ, ਪ੍ਰਭਜੋਤ ਕੌਰ, ਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ | ਇਸ ਸਬੰਧੀ ਸੀ.ਐਚ.ਸੀ. ਟਿੱਬਾ ਦੇ ਐਸ.ਐੱਮ.ਓ. ਡਾ. ਐਸ. ਐਸ. ਸੇਠੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵੇਲੇ ਡਾਕਟਰਾਂ ਦੀ ਘਾਟ ਹੈ, ਜਿਸ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਨੂੰ ਡਾਕਟਰਾਂ ਦੀ ਨਿਯੁਕਤੀ ਲਈ ਲਿਖਤੀ ਰੂਪ ਵਿਚ ਭੇਜਿਆ ਜਾ ਚੁੱਕਾ ਹੈ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਢਿਲਵਾਂ ਇਲਾਕੇ ਦਾ ਇਜਲਾਸ ਹੋਇਆ ਅਗਲੀ ਖ਼ਬਰ ਸਰਕਾਰ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ ’ਚ ਡੱਕ ਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ- ਭੰਡਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।