07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਤਹਿਸੀਲ ਭੁਲੱਥ ’ਚ ਕਲਮ ਛੋੜ ਹੜਤਾਲ, ਕਰਮਚਾਰੀਆਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਅਜੀਤ ਡੈਸਕ 24-07-2026
ਭੁਲੱਥ, 23 ਜੁਲਾਈ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਪੰਜਾਬ ਭਰ ਦੇ ਡੀ.ਸੀ. ਦਫ਼ਤਰਾਂ, ਤਹਿਸੀਲ ਅਤੇ ਸਬ-ਤਹਿਸੀਲ ਕਰਮਚਾਰੀਆਂ ਵੱਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ 23 ਤੋਂ 26 ਜੁਲਾਈ ਤੱਕ ‘ਕਲਮ ਛੱਡੋ–ਕੰਪਿਊਟਰ ਬੰਦ’ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਇਸ ਦੇ ਤਹਿਤ ਤਹਿਸੀਲ ਭੁਲੱਥ ਵਿਖੇ ਵੀ ਕਰਮਚਾਰੀਆਂ ਨੇ ਦਫ਼ਤਰਾਂ ਦਾ ਕੰਮਕਾਜ ਠੱਪ ਕਰਕੇ ਦਰੀ ਵਿਛਾ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਹੜਤਾਲ ਕਾਰਨ ਤਹਿਸੀਲ ਦਫ਼ਤਰਾਂ ਵਿਚ ਕੁਰਸੀਆਂ ਖ਼ਾਲੀ ਰਹੀਆਂ ਅਤੇ ਰੋਜ਼ਾਨਾ ਕੰਮਾਂ ਲਈ ਪਹੁੰਚੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਹਨ, ਪਰ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਕਰਮਚਾਰੀਆਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ. ਦੀਆਂ ਪੁਰਾਣੀਆਂ ਕਿਸ਼ਤਾਂ, ਖ਼ਾਲੀ ਅਸਾਮੀਆਂ ਨੂੰ ਤਰੱਕੀ ਰਾਹੀਂ ਭਰਨ, ਤਹਿਸੀਲਦਾਰਾਂ ਦੀਆਂ ਤਰੱਕੀਆਂ ਦੇ ਨਿਯਮਾਂ ਵਿਚ ਸੋਧ, ਨਵੀਆਂ ਅਸਾਮੀਆਂ ਦੀ ਰਚਨਾ ਅਤੇ ਅੰਤਰ-ਜ਼ਿਲ੍ਹਾ ਬਦਲੀਆਂ ਸਮੇਤ ਹੋਰ ਲੰਬਿਤ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਜਲਦ ਕੋਈ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਹੜਤਾਲ ਦੌਰਾਨ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ | ਇਸ ਮੌਕੇ ਤਰਸੇਮ ਸਿੰਘ, ਤਾਰਾ ਸਿੰਘ, ਰਵੀ ਕੁਮਾਰ, ਕਰਮਵੀਰ ਸਿੰਘ, ਆਂਚਲ, ਸੁਨੀਲ ਕੁਮਾਰ, ਪਰਮਜੀਤ ਕੌਰ, ਰਾਧਾ ਰਾਣੀ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਢਿਲਵਾਂ ਵਲੋਂ ਸਮੂਹਿਕ ਛੁੱਟੀ ’ਚ ਦੋ ਦਿਨ ਦੇ ਵਾਧੇ ਦਾ ਐਲਾਨ ਅਗਲੀ ਖ਼ਬਰ ਬਰਨਾਲਾ ‘ਚ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਅਮਾਨਵੀ, ‘ਆਪ’ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਹੋਇਆ ਬੇਨਕਾਬ- ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।