ਸੁਲਤਾਨਪੁਰ ਲੋਧੀ, 16 ਜੁਲਾਈ (ਨਰੇਸ਼ ਹੈਪੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਪਹਿਲੀ ਮੀਟਿੰਗ ਵਾਈਸ ਪ੍ਰਧਾਨ ਗੁਰਜੀਤ ਕੌਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਸ਼ਿਰਕਤ ਕੀਤੀ | ਇਸ ਮੀਟਿੰਗ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਵਾਈਸ ਪ੍ਰਧਾਨ ਦੀ ਇੱਕ ਹੋਰ ਅਸਾਮੀ ਬਣਾਉਣ ਲਈ ਮਤਾ ਪਾਸ ਕੀਤਾ ਗਿਆ | ਮੀਟਿੰਗ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਨਾਲ ਸਬੰਧਿਤ ਸਮੂਹ ਕੌਂਸਲਰਾਂ ਵੱਲੋਂ ਇਸ ਮਤੇ ਦਾ ਸਮਰਥਨ ਕੀਤਾ ਗਿਆ, ਜਿਸ ਕਾਰਨ ਮਤਾ ਬਹੁਮਤ ਨਾਲ ਪਾਸ ਹੋ ਗਿਆ | ਹਾਲਾਂਕਿ 6 ਮੈਂਬਰਾਂ ਨੇ ਇਸ ਦੇ ਵਿਰੋਧ ਵਿੱਚ ਵੋਟ ਪਾਈ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਈਸ ਪ੍ਰਧਾਨ ਗੁਰਜੀਤ ਕੌਰ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਅਤੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਲ ਪੱਧਰ ‘ਤੇ ਇਹ ਮਤਾ ਪਾਸ ਹੋ ਗਿਆ ਹੈ ਅਤੇ ਹੁਣ ਇਸ ਨੂੰ ਅਗਲੀ ਕਾਰਵਾਈ ਲਈ ਸਰਕਾਰ ਕੋਲ ਭੇਜਿਆ ਜਾਵੇਗਾ | ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪਵਨ ਕਨੌਜੀਆ ਨੂੰ ਵਾਈਸ ਪ੍ਰਧਾਨ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬੀ ਕਲਾਸ ਕਮੇਟੀ ਹੋਣ ਕਾਰਨ ਇਸ ਵਿੱਚ ਦੋ ਵਾਈਸ ਪ੍ਰਧਾਨ ਨਿਯੁਕਤ ਕੀਤੇ ਜਾ ਸਕਦੇ ਹਨ | ਇਸੇ ਤਹਿਤ ਹਾਊਸ ਵੱਲੋਂ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ | ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਮਤੇ ਵੀ ਮੀਟਿੰਗ ਵਿੱਚ ਪਾਸ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ 1967 ਦੇ ਐਕਟ ਤਹਿਤ ਇੱਕ ਹੋਰ ਵਾਈਸ ਪ੍ਰਧਾਨ ਦੀ ਸੀਟ ਬਣਾਉਣ ਲਈ ਮਤਾ ਰੱਖਿਆ ਗਿਆ ਸੀ ਜਿਸ ਨੂੰ 7 ਮੈਂਬਰਾਂ ਦੀ ਬਹੁਮਤ ਨਾਲ ਮਨਜ਼ੂਰੀ ਮਿਲੀ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਮਤਾ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਅਤੇ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਮੀਟਿੰਗ ਵਿੱਚ ਪਿਛਲੀ ਮੀਟਿੰਗ ਦੇ ਮਤਿਆਂ ਦੀ ਪੁਸ਼ਟੀ ਸਮੇਤ ਕੁੱਝ ਹੋਰ ਅਹਿਮ ਮਸਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਵਾਈਸ ਪ੍ਰਧਾਨ ਗੁਰਜੀਤ ਕੌਰ, ਨਗਰ ਕੌਂਸਲ ਦੀ ਪ੍ਰਧਾਨ ਸੰਦੀਪ ਕੌਰ ਚੀਮਾ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕੌਂਸਲਰ ਕਸ਼ਮੀਰ ਸਿੰਘ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਅਮਰਜੀਤ ਕੌਰ ਚੀਮਾ, ਕੌਂਸਲਰ ਸਿਮਰਪ੍ਰੀਤ ਕੌਰ, ਸਾਬਕਾ ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਰਵੀ ਕਾਂਤਾ, ਗੌਰਵ ਗਿਰੀ ਦੀ ਮੌਜੂਦ ਸਨ |