03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮਗਨਰੇਗਾ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਕਰਕੇ ਦਿੱਤਾ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਧਰਨਾ

ਅਜੀਤ ਡੈਸਕ 03-06-2026
ਕਪੂਰਥਲਾ, 2 ਜੂਨ (ਵਿਸ਼ੇਸ਼ ਪ੍ਰਤੀਨਿਧ)-ਮਗਨਰੇਗਾ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਈ | ਰੋਹ ਵਿਚ ਆਏ ਮੁਲਾਜ਼ਮਾਂ ਨੇ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਧਰਨਾ ਦੇ ਕੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ 'ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਦਿੱਤਾ ਨੇ ਕਿਹਾ ਕਿ ਪਹਿਲਾਂ ਅਕਾਲੀ ਬਾਅਦ ਵਿਚ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਗਨਰੇਗਾ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਠੇਕੇਦਾਰੀ ਸਿਸਟਮ ਬੰਦ ਕਰਕੇ ਸਾਰੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨਗੇ, ਪਰ ਕਿਸੇ ਵੀ ਸਰਕਾਰ ਨੇ ਵਿਧਾਨ ਸਭਾ ਵਿਚ ਇਸ ਸਬੰਧੀ ਕੋਈ ਮਤਾ ਪਾਸ ਨਹੀਂ ਕੀਤਾ | ਜਿਸ ਕਾਰਨ ਅੱਜ ਪਿਛਲੇ 17-18 ਵਰਿ੍ਹਆਂ ਤੋਂ ਮਗਨਰੇਗਾ ਮੁਲਾਜ਼ਮ ਬਹੁਤ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਮਗਨਰੇਗਾ ਮੁਲਾਜ਼ਮਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਬੰਧੀ ਸਰਵੇ, ਚੋਣਾਂ ਤੇ ਹੋਰ ਬਹੁਤ ਸਾਰੀਆਂ ਡਿਊਟੀਆਂ 'ਤੇ ਬਿਨ੍ਹਾਂ ਕਿਸੇ ਮਾਣਭੱਤੇ ਦੇ ਕੰਮ ਕਰਵਾਇਆ ਜਾ ਰਿਹਾ ਹੈ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕੇ ਕਰਨਾ ਤਾਂ ਇਕ ਪਾਸੇ ਰਿਹਾ ਸਰਕਾਰ ਉਨ੍ਹਾਂ ਨੂੰ ਪਿਛਲੇ 7 ਮਹੀਨਿਆਂ ਤੋਂ ਤਨਖ਼ਾਹਾਂ ਦੀ ਅਦਾਇਗੀ ਨਹੀਂ ਕਰ ਰਹੀ, ਜਿਸ ਕਾਰਨ ਮਗਨਰੇਗਾ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਗਨਰੇਗਾ ਮੁਲਾਜ਼ਮਾਂ ਦੀ ਪਿਛਲੇ 7 ਮਹੀਨਿਆਂ ਦੀ ਤਨਖ਼ਾਹ ਉਨ੍ਹਾਂ ਦੇ ਖਾਤਿਆਂ ਵਿਚ ਨਾ ਪਾਈ ਗਈ ਤਾਂ ਮਗਨਰੇਗਾ ਕਰਮਚਾਰੀ ਯੂਨੀਅਨ ਕਲਮ ਛੋੜ ਹੜਤਾਲ ਇਸੇ ਤਰ੍ਹਾਂ ਜਾਰੀ ਰੱਖੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਬਲਾਕ ਪ੍ਰਧਾਨ ਰਘਬੀਰ ਸਿੰਘ, ਸੁਰਿੰਦਰ ਸਿੰਘ, ਵਿਸ਼ਾਲ ਅਰੋੜਾ, ਸੋਨੀਆ, ਕਮਲਜੀਤ, ਅਮਨਦੀਪ ਕੌਰ ਕੰਪਿਊਟਰ ਅਸਿਸਟੈਂਟ, ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਏ.ਪੀ.ਓ., ਕੰਪਿਊਟਰ ਤੇ ਤਕਨੀਕੀ ਸਹਾਇਕ ਤੇ ਰੁਜ਼ਗਾਰ ਸਹਾਇਕ ਹਾਜ਼ਰ ਸਨ |
ਪਿਛਲੀ ਖ਼ਬਰ ਜੇ. ਈ. ਈ. ਐਡਵਾਂਸ 2026 'ਚ ਪਟਿਆਲਾ ਜ਼ਿਲ੍ਹੇ ਨੇ ਮਾਰੀ ਬਾਜ਼ੀ, ਪੰਜਾਬ ਭਰ 'ਚੋਂ ਰਿਹਾ ਮੋਹਰੀ ਅਗਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਮੁਲਾਜ਼ਮ ਮੁੜ ਕੰਮ 'ਤੇ ਪਰਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।