09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਵਧ ਰਹੇ ਕੂੜੇ ਦੇ ਢੇਰ

ਅਜੀਤ ਡੈਸਕ 09-05-2026
ਕਪੂਰਥਲਾ, 8 ਮਈ (ਅਮਰਜੀਤ ਕੋਮਲ)-ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਕਾਰਨ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਢੇਰ ਲਗਾਤਾਰ ਵੱਧ ਰਹੇ ਹਨ, ਪ੍ਰੰਤੂ ਪ੍ਰਸ਼ਾਸਨ ਤੇ ਨਗਰ ਨਿਗਮ ਵਲੋਂ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਚੁੱਕਣ ਲਈ ਕੋਈ ਵੀ ਉਪਰਾਲਾ ਨਾ ਕੀਤੇ ਜਾਣ ਕਾਰਨ ਸ਼ਹਿਰ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਸ਼ਹਿਰ ਦੇ ਵੱਖ-ਵੱਖ ਚੌਂਕਾਂ ਤੇ ਮੁੱਖ ਸੜਕਾਂ ਦੇ ਕੰਡਿਆਂ 'ਤੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕੂੜੇ ਦੇ ਢੇਰ ਵੱਧ ਰਹੇ ਹਨ, ਕਿਉਂਕਿ ਨਗਰ ਨਿਗਮ ਦੇ ਮੁਲਾਜ਼ਮ ਅਣਮਿਥੇ ਸਮੇਂ ਦੀ ਹੜਤਾਲ 'ਤੇ ਚੱਲ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ 9 ਲੱਖ ਰੁਪਏ ਪ੍ਰਤੀ ਮਹੀਨਾ ਖ਼ਰਚ ਕੇ ਸ਼ਹਿਰ ਦੇ ਬਾਹਰੀ ਹਿੱਸੇ ਵਿਚੋਂ ਕੂੜੇ ਦੇ ਢੇਰ ਚੁੱਕ ਕੇ ਕਾਂਜਲੀ ਨੇੜੇ ਡੰਪ 'ਤੇ ਸੁੱਟਦੇ ਆ ਰਹੇ ਸਨ ਤੇ ਬੀਤੇ ਦਿਨ ਵੀ ਉਨ੍ਹਾਂ ਦੀ ਟੀਮ ਦੇ ਮੁਲਾਜ਼ਮਾਂ ਨੇ ਸ਼ਹਿਰ ਵਿਚੋਂ ਕੂੜੇ ਦੇ ਢੇਰ ਚੁੱਕਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਨਗਰ ਨਿਗਮ ਦੇ ਹੜਤਾਲ 'ਤੇ ਬੈਠੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕੂੜਾ ਨਹੀਂ ਚੁੱਕਣ ਦਿੱਤਾ, ਜਿਸ ਕਾਰਨ ਸ਼ਹਿਰ ਵਿਚ ਕੂੜੇ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ, ਜੇ ਅਗਲੇ ਕੁੱਝ ਦਿਨਾਂ ਵਿਚ ਕੂੜੇ ਦੇ ਨਿਪਟਾਰੇ ਬਾਰੇ ਕੋਈ ਯੋਗ ਪ੍ਰਬੰਧ ਨਾ ਕੀਤਾ ਗਿਆ ਤਾਂ ਸ਼ਹਿਰ ਵਿਚ ਗੰਦਗੀ ਫੈਲਣ ਦਾ ਖ਼ਦਸ਼ਾ ਹੈ | ਦੱਸਿਆ ਜਾਂਦਾ ਹੈ ਕਿ ਸ਼ਹਿਰ ਵਿਚ ਰੋਜ਼ਾਨਾ 20 ਟਨ ਤੋਂ ਵੱਧ ਕੂੜਾ ਇਕੱਤਰ ਹੁੰਦਾ ਹੈ, ਜੇਕਰ ਹੜਤਾਲ ਖ਼ਤਮ ਨਾ ਹੋਈ ਤਾਂ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗ ਜਾਣਗੇ | ਹੁਣ ਜਦੋਂ 12 ਮਈ ਨੂੰ ਮਾਤਾ ਭੱਦਰਕਾਲੀ ਦੇ ਸਾਲਾਨਾ ਮੇਲੇ ਦੇ ਸਬੰਧ ਵਿਚ ਸ੍ਰੀ ਬ੍ਰਹਮਕੁੰਡ ਮੰਦਿਰ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜੋ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੀ ਹੋਈ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਚ ਪੁੱਜੇਗੀ | ਇਸ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਲੱਗੇ ਕੂੜੇ ਦੇ ਢੇਰ ਚੁਕਾਉਣ ਲਈ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ |
ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਭਾਜਪਾ ਨੇ ਦਿੱਤਾ ਸਮਰਥਨ
ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਠੇਕੇਦਾਰੀ ਪ੍ਰਥਾ ਬੰਦ ਕਰਨ, ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਭਰਤੀ ਕਰਨ ਤੇ ਆਪਣੀਆਂ ਹੋਰ ਦਰਜਨ ਤੋਂ ਵੱਧ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਅੱਜ ਤੀਜੇ ਦਿਨ ਵਿਚ ਦਾਖਲ ਹੋ ਗਈ | ਰੋਹ ਵਿਚ ਆਏ ਮੁਲਾਜ਼ਮਾਂ ਨੇ ਨਿਗਮ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਦਾ ਸਮਰਥਨ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਉਹ ਉਦਘਾਟਨ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਸਥਾਨਕ ਮਾਮਲਿਆਂ ਨੂੰ ਹੱਲ ਕਰਨ ਲਈ ਯਤਨ ਕਰਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਨਗਰ ਨਿਗਮ ਦੇ ਮੁਲਾਜ਼ਮਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ | ਧਰਨੇ ਨੂੰ ਸੰਬੋਧਨ ਕਰਦਿਆਂ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹੜਤਾਲ 'ਤੇ ਜਾਣ ਤੋਂ ਪਹਿਲਾਂ ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਨੇ ਸਰਕਾਰ ਨੂੰ ਇਕ ਯਾਦ ਪੱਤਰ ਦੇ ਕੇ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀਆਂ 31 ਮੰਗਾਂ ਪਿਛਲੇ ਲੰਮੇ ਅਰਸੇ ਤੋਂ ਲਟਕ ਰਹੀਆਂ ਹਨ ਤੇ ਇਸ ਸਬੰਧੀ ਪੰਜਾਬ ਦੇ ਸਥਾਨ ਸਰਕਾਰਾਂ ਵਿਭਾਗ ਦੇ ਮੰਤਰੀਆਂ ਤੇ ਪ੍ਰਮੁੱਖ ਅਧਿਕਾਰੀਆਂ ਨਾਲ ਪਹਿਲਾਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ | ਗੋਪਾਲ ਥਾਪਰ ਨੇ ਕਿਹਾ ਕਿ ਐਕਸ਼ਨ ਕਮੇਟੀ ਵਲੋਂ ਹੜਤਾਲ ਕੀਤੇ ਜਾਣ ਦੀ ਚਿਤਾਵਨੀ ਨੂੰ ਵੀ ਪੰਜਾਬ ਸਰਕਾਰ ਨੇ ਅਣਗੌਲਿਆ ਕੀਤਾ ਤੇ ਉਹ ਮਜਬੂਰ ਹੋ ਕੇ ਹੜਤਾਲ 'ਤੇ ਬੈਠੇ ਹਨ, ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਨਾਲ ਕੋਈ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਨੂੰ ਲੈ ਕੇ ਹੜ੍ਹਤਾਲੀ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੜਤਾਲ ਜਾਰੀ ਰਹੇਗੀ | ਧਰਨੇ ਨੂੰ ਭਾਜਪਾ ਦੇ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਨਿਗਮ ਦੇ ਅਕਾਉਂਟੈਂਟ ਰਾਜਨ, ਸੰਜੇ ਧੀਰ, ਹਿਤੇਸ਼ ਕੁਮਾਰ ਬੰਟੀ, ਸੰਜੇ ਨਾਹਰ, ਜੋਤੀ ਨਾਹਰ, ਰਾਜੇਸ਼ ਸਹੋਤਾ, ਅਨਿਲ ਸਹੋਤਾ, ਵਿਨੈ ਕੁਮਾਰ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਭਾਜਪਾ ਦੇ ਮੰਡਲ ਪ੍ਰਧਾਨ ਕਮਲ ਪ੍ਰਭਾਕਰ, ਮੰਡਲ 2 ਦੇ ਪ੍ਰਧਾਨ ਲੱਕੀ ਸਰਪੰਚ, ਬਲਵਿੰਦਰ ਸਿੰਘ ਰਾਈਆਂਵਾਲ, ਸਰਬਜੀਤ ਸਿੰਘ ਦਿਉਲ, ਗੌਰਵ ਨਾਹਰ, ਮੱਸਾ ਸਿੰਘ, ਅਸ਼ੀਸ਼ ਮਹਿਤਾ, ਪ੍ਰਮੋਦ ਮਨੀ ਤੋਂ ਇਲਾਵਾ ਨਗਰ ਨਿਗਮ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਅਗਲੀ ਖ਼ਬਰ ਪੱਖੇ ਨਾਲ ਫਾਹਾ ਲੈ ਕੇ ਇਕ ਔਰਤ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।