09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਫੂਡ ਸੇਫ਼ਟੀ ਟੀਮ ਵਲੋਂ ਟੈਂਟ ਦੇ ਗੋਦਾਮ ਵਿਚ ਛਾਪੇਮਾਰੀ ਦੌਰਾਨ ਪਾਣੀ ਦੇ ਸੈਂਪਲ ਭਰੇ

ਅਜੀਤ ਡੈਸਕ 09-05-2026
ਕਪੂਰਥਲਾ, 8 ਮਈ (ਅਮਨਜੋਤ ਸਿੰਘ ਵਾਲੀਆ)-ਪੁਰਾਣੀ ਦਾਣਾ ਮੰਡੀ ਦੇ ਨੇੜੇ ਇਕ ਟੈਂਟ ਹਾਊਸ ਦੇ ਗੋਦਾਮ ਵਿਚੋਂ ਫੂਡ ਸੇਫ਼ਟੀ ਦੀ ਟੀਮ ਨੇ ਪਾਣੀ ਦੇ ਸੈਂਪਲ ਭਰੇ ਅਤੇ ਥਾਣਾ ਸਿਟੀ ਦੀ ਪੁਲਿਸ ਵਲੋਂ ਗੋਦਾਮ ਵਿਚ ਪਏ ਗੈਰ ਕਾਨੂੰਨੀ ਤੌਰ 'ਤੇ ਪਟਾਕੇ ਤੇ ਘਰੇਲੂ ਸਿਲੰਡਰ ਜ਼ਬਤ ਕੀਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਡਾ. ਹਰਜੋਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੀ ਦਾਣਾ ਮੰਡੀ ਦੇ ਨੇੜੇ ਟੈਂਟ ਦੇ ਗੋਦਾਮ ਵਿਚ ਸਫ਼ਾਈ ਦਾ ਧਿਆਨ ਨਾ ਰੱਖਦੇ ਹੋਏ ਖਾਣਾ ਤਿਆਰ ਕੀਤਾ ਜਾ ਰਿਹਾ ਸੀ | ਉਨ੍ਹਾਂ ਨੇ ਫੂਡ ਇੰਸਪੈਕਟਰ ਮਹਿਕ ਸੈਣੀ ਤੇ ਹੋਰ ਕਰਮਚਾਰੀਆਂ ਨਾਲ ਮੌਕੇ 'ਤੇ ਜਾ ਕੇ ਦੇਖਿਆ ਤਾਂ ਉੱਥੇ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੇ ਮੌਕੇ 'ਤੇ ਹੀ ਪਾਣੀਆਂ ਦੀਆਂ 16 ਬੋਤਲਾਂ ਦਾ ਸੈਂਪਲ ਭਰਿਆ ਅਤੇ ਉਨ੍ਹਾਂ ਨੂੰ ਸੀਲ ਕਰਕੇ ਲੈਬ ਵਿਚ ਭੇਜ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਟੈਂਟ ਹਾਊਸ ਦੇ ਮਾਲਕ ਬਲਰਾਮ ਗੁਪਤਾ ਕੋਲੋਂ ਜਦੋਂ ਫੂਡ ਲਾਇਸੈਂਸ ਬਾਰੇ ਪੁੱਛਿਆ ਗਿਆ ਤਾਂ ਉਸ ਕੋਲੋਂ ਫੂਡ ਦਾ ਲਾਇਸੈਂਸ ਵੀ ਨਹੀਂ ਬਰਾਮਦ ਹੋਇਆ | ਜਾਂਚ ਦੌਰਾਨ ਉਨ੍ਹਾਂ ਨੂੰ ਮੌਕੇ 'ਤੇ ਵੱਡੀ ਮਾਤਰਾ ਵਿਚ ਗੈਰ ਕਾਨੂੰਨੀ ਪਟਾਕੇ ਵੀ ਸਟੋਰ ਕੀਤੇ ਹੋਏ ਮਿਲੇ, ਜਿਸ 'ਤੇ ਉਨ੍ਹਾਂ ਨੇ ਪੀ.ਸੀ.ਆਰ. ਦੀ ਟੀਮ ਨੂੰ ਸੂਚਿਤ ਕੀਤਾ ਤੇ ਏ.ਐਸ.ਆਈ. ਕੁਲਦੀਪ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਜੋਤੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਪਟਾਕਿਆਂ ਦੇ ਲਗਭਗ 40 ਵੱਡੇ ਡੱਬੇ ਅਤੇ ਵੱਡੀ ਮਾਤਰਾ ਵਿਚ ਘਰੇਲੂ ਸਿਲੰਡਰ ਵੀ ਬਰਾਮਦ ਕਰਕੇ ਅਗਲੇਰੀ ਕਾਰਵਾਈ ਵਾਸਤੇ ਥਾਣਾ ਸਿਟੀ ਦੇ ਐਸ.ਐਚ.ਓ. ਨੂੰ ਸੂਚਿਤ ਕੀਤਾ | ਇਸ ਸਬੰਧੀ ਜਦੋਂ ਟੈਂਟ ਮਾਲਕ ਬਲਰਾਮ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕੈਟਰਿੰਗ ਦਾ ਅਤੇ ਟੈਂਟ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਗੋਦਾਮ ਵਿਚ ਅੱਜ ਲੰਗਰ ਤਿਆਰ ਕੀਤਾ ਜਾ ਰਿਹਾ ਸੀ | ਉਨ੍ਹਾਂ ਨੇ ਪਟਾਕਿਆਂ ਬਾਰੇ ਦੱਸਿਆ ਕਿ ਉਹ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਹਨ | ਉਨ੍ਹਾਂ ਦੱਸਿਆ ਕਿ ਉਹ ਫੂਡ ਦਾ ਲਾਇਸੈਂਸ ਵੀ ਜਲਦ ਹੀ ਬਣਵਾ ਲੈਣਗੇ ਤੇ ਅੱਗੇ ਤੋਂ ਸਫ਼ਾਈ ਦਾ ਪੂਰਾ ਧਿਆਨ ਰੱਖਣਗੇ |
ਪਿਛਲੀ ਖ਼ਬਰ ਪੱਖੇ ਨਾਲ ਫਾਹਾ ਲੈ ਕੇ ਇਕ ਔਰਤ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ 'ਚ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।