ਕਪੂਰਥਲਾ, 26 ਮਾਰਚ (ਅਮਨਜੋਤ ਸਿੰਘ ਵਾਲੀਆ)-ਥਾਣਾ ਸਿਟੀ ਵਿਖੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦਾ ਫ਼ੈਸਲਾ ਕਰਵਾਉਣ ਪੁੱਜੇ ਭਾਜਪਾ ਆਗੂ ਸ਼ਾਮ ਸੁੰਦਰ ਅਗਰਵਾਲ ਦੀ ਥਾਣੇ ਵਿਖੇ ਹੀ ਇਕ ਧਿਰ ਦੇ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ | ਜਦੋਂ ਉਹ ਕਾਨੂੰਨੀ ਕਾਰਵਾਈ ਤੇ ਇਲਾਜ ਲਈ ਰਾਤ ਕਰੀਬ 8 ਵਜੇ ਸਿਵਲ ਹਸਪਤਾਲ ਪੁੱਜੇ ਤਾਂ ਦਰਜਨ ਤੋਂ ਵੱਧ ਵਿਅਕਤੀਆਂ ਨੇ ਮੁੜ ਹਸਪਤਾਲ ਵਿਖੇ ਉਨ੍ਹਾਂ ਦੀ ਦੁਬਾਰਾ ਕੁੱਟਮਾਰ ਕੀਤੀ ਜੋ ਕਿ ਹੁਣ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ | ਝਗੜਾ ਕਿਸ ਕਾਰਨ ਹੋਇਆ ਇਸ ਸੰਬੰਧੀ ਅਜੇ ਤੱਕ ਕੁੱਝ ਸਪਸ਼ਟ ਨਹੀਂ ਹੋਇਆ ਤੇ ਨਾ ਹੀ ਪੁਲਿਸ ਅਧਿਕਾਰੀ ਖੁੱਲ੍ਹ ਕੇ ਇਸ ਬਾਰੇ ਕੁੱਝ ਦੱਸ ਰਹੇ ਹਨ | ਪਰ ਇਹ ਪਤਾ ਲੱਗਾ ਹੈ ਕਿ ਪੁਲਿਸ ਨੇ ਉਕਤ ਘਟਨਾ ਸੰਬੰਧੀ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਬਾਕੀ ਹਮਲਾਵਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ | ਹਸਪਤਾਲ ਵਿਖੇ ਲੜਾਈ ਦੀ ਖ਼ਬਰ ਮਿਲਣ ਉਪਰੰਤ ਥਾਣਾ ਸਿਟੀ ਪੁਲਿਸ ਤੇ ਪੀ. ਸੀ. ਆਰ. ਟੀਮਾਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਪੁੱਜੀਆਂ, ਉਸ ਸਮੇਂ ਤੱਕ ਹਮਲਾਵਰ ਫ਼ਰਾਰ ਹੋ ਚੁੱਕੇ ਸਨ | ਪੀੜਤ ਭਾਜਪਾ ਆਗੂ ਸ਼ਾਮ ਸੁੰਦਰ ਅਗਰਵਾਲ ਸਾਬਕਾ ਕੌਂਸਲਰ ਨੇ ਦੱਸਿਆ ਕਿ ਉਹ ਅਜੇ ਵੀ ਕੁੱਝ ਵੀ ਦੱਸਣ ਦੀ ਸਥਿਤੀ ਵਿਚ ਨਹੀਂ ਹਨ ਜਦਕਿ ਦੂਸਰੇ ਪਾਸੇ ਉਨ੍ਹਾਂ ਦੇ ਸਾਥੀ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਕਿਹਾ ਕਿ ਸੂਬੇ 'ਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਜੇਕਰ ਥਾਣੇ ਵਿਚ ਹੀ ਪੁਲਿਸ ਦੇ ਸਾਹਮਣੇ ਭਾਜਪਾ ਆਗੂ ਦੀ ਕੁੱਟਮਾਰ ਹੋਈ ਹੈ ਤਾਂ ਲੋਕ ਆਪਣੇ ਆਪ ਨੂੰ ਬਾਹਰ ਕਿਵੇਂ ਸੁਰੱਖਿਅਤ ਸਮਝਣਗੇ | ਮਾਮਲੇ ਦੀ ਸੂਚਨਾ ਮਿਲਣ ਉਪਰੰਤ ਸ਼ਹਿਰ ਦੇ ਭਾਜਪਾ ਆਗੂ ਵੀ ਸਿਵਲ ਹਸਪਤਾਲ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਸਨ | ਥਾਣਾ ਸਿਟੀ ਦੇ ਐਸ. ਐਚ. ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਭਾਜਪਾ ਆਗੂ 'ਤੇ ਹਮਲਾ ਕਰਨ ਵਾਲੇ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਤੇ ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਹਾਸਿਲ ਕਰਕੇ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |