ਸਾਦਿਕ, 28 ਸਤੰਬਰ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਐਸ.ਬੀ.ਆਰ.ਐਸ ਕਾਲਜ ਫ਼ਾਰ ਵੋਮੈਨ ਘੁੱਦੂਵਾਲਾ ਵਿਖੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਸਮੇਂ ਈਕੋ ਕਲੱਬ ਅਤੇ ਸਾਇੰਸ ਵਿਭਾਗ ਵਲੋਂ ਵਿਦਿਆਰਥਣਾਂ ਦਾ ਇਕ ਸਥਾਨਕ ਪ੍ਰਦੂਸ਼ਿਤ ਖੇਤਰ ਦਾ ਦੌਰਾ ਕਰਵਾਇਆ ਗਿਆ। ਜਿਸਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਵਾਤਾਵਰਨ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਵਿਦਿਆਰਥਣਾਂ ਅਤੇ ਈਕੋ ਕਲੱਬ ਦੇ ਮੈਂਬਰਾਂ ਨੂੰ ਪਾਣੀ, ਮਿੱਟੀ ਦੇ ਪ੍ਰਦੂਸ਼ਣ, ਇਸ ਦੇ ਕਾਰਨਾਂ ਅਤੇ ਵਾਤਾਵਰਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥਣਾਂ ਨੂੰ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਕੂੜਾ-ਕਰਕਟ ਪਾਣੀ ਵਿਚ ਨਾ ਸੁੱਟਣ ਲਈ ਪ੍ਰੇਰਿਤ ਕੀਤਾ ਗਿਆ। ਇਸ ਗਤੀਵਿਧੀ ਵਿਚ ਈਕੋ ਕਲੱਬ ਦੇ ਨੋਡਲ ਅਫਸਰ ਪ੍ਰੋ. ਅਮਨਦੀਪ ਕੌਰ, ਪ੍ਰੋ. ਰਾਜਪ੍ਰੀਤ ਕੌਰ ਰਸਾਇਣ ਵਿਭਾਗ, ਪ੍ਰੋ. ਸਰਬਜੀਤ ਕੌਰ ਭੌਤਿਕ ਵਿਭਾਗ ਅਤੇ ਪ੍ਰੋ. ਰਮਨੀਸ਼ ਕੌਰ ਕਾਮਰਸ ਵਿਭਾਗ ਨੇ ਭਾਗ ਲਿਆ ਅਤੇ ਵਿਦਿਆਰਥਣਾਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕੀਤਾ।