07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਦਫ਼ਤਰੀ ਕੰਮਕਾਜ ਦੇ ਨਿਰੰਤਰ ਚੱਲਦੇ ਰੱਖਣ ਲਈ ਕਾਵਾਇਦ ਜਾਰੀ

ਅਜੀਤ ਡੈਸਕ 16-07-2026
ਮੰਡੀ ਕਿੱਲਿਆਂਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਵਿਚ ਦਫ਼ਤਰੀ ਕੰਮਕਾਜ ਦੇ ਗੋਡੇ-ਗਿੱਟੇ ਚੱਲਦੇ ਰੱਖਣ ਲਈ ਲਿੰਕ ਅਫ਼ਸਰ ਪ੍ਰਣਾਲੀ ਲਾਗੂ ਕੀਤੀ ਹੈ। ਜਿਸ ਮੁਤਾਬਿਕ ਮੂਲ ਅਧਿਕਾਰੀ ਦੀ ਗੈਰ-ਹਾਜ਼ਰੀ ਵਿਚ ਦਫ਼ਤਰੀ ਕੰਮਕਾਜ ਨਹੀਂ ਰੁਕੇਗਾ। ਹੁਣ ਅਧਿਕਾਰੀਆਂ ਦੀ ਗੈਰ-ਹਾਜ਼ਰੀ ਦੌਰਾਨ ਦੂਜੇ ਅਫ਼ਸਰ ਉਸਦੇ ਫ਼ਰਜ਼ ਨਿਭਾਉਣਗੇ। ਇਹ ਫ਼ੈਸਲਾ ਲੋਕਾਂ ਦੇ ਦਫ਼ਤਰੀ ਗੇੜਿਆਂ ਤੋਂ ਬਚਾਉਣ ਅਤੇ ਫ਼ਾਈਲਾਂ ਦੀ ਤੋਰ ਬਣਾਈ ਰੱਖਣ ਲਈ ਲਿਆ ਗਿਆ ਹੈ। ਇਹ ਵਿਵਸਥਾ ਅਧਿਕਾਰੀਆਂ ਦੀ ਛੁੱਟੀ, ਸਰਕਾਰੀ ਦੌਰੇ, ਚੋਣ ਡਿਊਟੀ, ਸਿਖਲਾਈ ਜਾਂ ਹੋਰ ‘ਗੈਰ-ਹਾਜ਼ਰੀ’ ਦੌਰਾਨ ਲਾਗੂ ਰਹੇਗੀ। ਇਹ ਨਿਰਦੇਸ਼ ਖੇਤੀਬਾੜੀ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਵਲੋਂ ਜਾਰੀ ਕੀਤੇ ਗਏ ਹਨ। ਇਨ੍ਹਾਂ ਤਹਿਤ ਵਿਭਾਗ ਦੇ ਚਾਰ ਮੁੱਖ ਵਿੰਗਾਂ ਵਿਚ ਲਿੰਕ ਅਫ਼ਸਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿਚ ਪ੍ਰਸ਼ਾਸਕੀ ਵਿੰਗ, ਇੰਜੀਨੀਅਰਿੰਗ ਵਿੰਗ, ਹਾਈਡ੍ਰੋਲੋਜੀ ਵਿੰਗ ਅਤੇ ਸਟੈਟਿਸਟੀਕਲ ਵਿੰਗ ਸ਼ਾਮਿਲ ਹਨ। ਨਿਰਦੇਸ਼ਾਂ ਮੁਤਾਬਿਕ ਜੇਕਰ ਮੂਲ ਅਧਿਕਾਰੀ ਦਫ਼ਤਰ ਵਿਚ ਹਾਜ਼ਰ ਨਹੀਂ ਹੁੰਦਾ ਤਾਂ ਲਿੰਕ ਅਫ਼ਸਰ-1 ਤੁਰੰਤ ਜ਼ਿੰਮੇਵਾਰੀ ਸੰਭਾਲੇਗਾ। ਜੇਕਰ ਕਿਸੇ ਕਾਰਨ ਲਿੰਕ ਅਫ਼ਸਰ-1 ਵੀ ਹਾਜ਼ਰ ਨਹੀਂ ਹੁੰਦਾ ਤਾਂ ਲਿੰਕ ਅਫ਼ਸਰ-2 ਕੰਮ ਨਿਪਟਾਏਗਾ। ਇਹ ਹੁਕਮ ਚੰਡੀਗੜ੍ਹ ਮੁੱਖ ਦਫ਼ਤਰ ਸਮੇਤ ਸਾਰੇ ਜ਼ਿਲਿ੍ਹਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ, ਜ਼ਿਲ੍ਹਾ ਸਿਖਲਾਈ ਅਫ਼ਸਰਾਂ ਅਤੇ ਬਲਾਕ ਅਧਿਕਾਰੀਆਂ ’ਤੇ ਲਾਗੂ ਹੋਣਗੇ। ਸੂਚੀ ਵਿਚ ਸੰਯੁਕਤ ਡਾਇਰੈਕਟਰ (ਇਨਪੁਟ), ਸੰਯੁਕਤ ਡਾਇਰੈਕਟਰ (ਪਲਾਂਟ ਪ੍ਰੋਟੈਕਸ਼ਨ), ਸੰਯੁਕਤ ਡਾਇਰੈਕਟਰ (ਕੈਸ਼ ਕਰੌਪ) ਅਤੇ ਕੇਨ ਕਮਿਸ਼ਨਰ ਦੇ ਅਹੁਦਿਆਂ ਨੂੰ ਆਪਸ ਵਿਚ ਲਿੰਕ ਕੀਤਾ ਗਿਆ ਹੈ। ਇਹ ਪ੍ਰਣਾਲੀ ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਸੰਗਰੂਰ ਸਮੇਤ ਸਾਰੇ ਜ਼ਿਲਿ੍ਹਆਂ ਵਿਚ ਬਕਾਇਦਾ ਲਾਗੂ ਕਰ ਦਿੱਤੀ ਗਈ ਹੈ। ਨਿਰਦੇਸ਼ਾਂ ਨਾਲ 20 ਸਫ਼ਿਆਂ ਦੀ ਲਿੰਕ ਸੂਚੀ ਵੀ ਜਾਰੀ ਕੀਤੀ ਗਈ ਹੈ।
ਹੁਕਮ ਦਾ ਲਾਹਾ, ਖਾਲੀ ਸੀਟਾਂ ਦੇ ਚਾਰਜ ‘ਕਹਾਣੀ’ ਚੱਲੀ
ਸੂਤਰਾਂ ਅਨੁਸਾਰ ਹੁਕਮ ਦੇ ਲਾਹੇ ਤਹਿਤ ਖਾਲੀ ਅਸਾਮੀਆਂ ਦੇ ਚਾਰਜ ਲੈਣ ਦੀ ਕਥਿਤ ਕਹਾਣੀ ਚੱਲ ਪਈ ਹੈ, ਹਾਲਾਂਕਿ ਲਿੰਕ ਪ੍ਰਣਾਲੀ ਦੇ ਹੁਕਮ ’ਚ ਖਾਲੀ ਅਸਾਮੀਆਂ ਦਾ ਕਿਧਰੇ ਸਿੱਧਾ ਜ਼ਿਕਰ ਨਹੀਂ ਹੈ। ਇਸ ਵਰਤਾਰੇ ਨਾਲ ਪਿਛਲੇ 14 ਸਾਲਾਂ ਤੋਂ ਤਰੱਕੀਆਂ ਉਡੀਕ ਰਹੇ ਖੇਤੀਬਾੜੀ ਵਿਕਾਸ ਅਫ਼ਸਰਾਂ ’ਚ ਔਖਿਆਈ ਵੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਤਰੱਕੀਆਂ ਤੇ ਨਵੀਂ ਭਰਤੀ ਲਈ ਯਤਨਸ਼ੀਲ ਮੁਲਾਜ਼ਮ ਜਥੇਬੰਦੀਆਂ ਨੂੰ ਖਦਸ਼ਾ ਹੈ ਕਿ ਫ਼ੈਸਲੇ ਦੀ ਮੂਲ ਧਰਨਾ ਤਰੱਕੀਆਂ ਦੇ ਵਿਸ਼ੇ ਨੂੰ ਅਸਿੱਧੇ ਤੌਰ ’ਤੇ ਮੁਕਾਉਣ ਵੱਲ ਹੈ, ਇਸ ਨਾਲ ਮੁਲਾਜ਼ਮਾਂ ਦੇ ਨੌਕਰੀ-ਹਿੱਤ ਪ੍ਰਭਾਵਿਤ ਹੋਣਗੇ। ਹਾਲਾਂਕਿ ਜਨਤਾ ਪੱਖੋ ਲਿੰਕ ਪ੍ਰਣਾਲੀ ਹਾਂ-ਪੱਖੀ ਹੈ। ਸੂਬੇ ਵਿਚ ਖੇਤੀਬਾੜੀ ਅਫ਼ਸਰਾਂ ਦੀਆਂ 97 ਅਸਾਮੀਆਂ ਅਤੇ ਡਿਪਟੀ ਡਾਇਰੈਕਟਰ ਪੱਧਰ ਦੀਆਂ ਕਰੀਬ ਦੋ ਦਰਜਨ ਅਸਾਮੀਆਂ ਖਾਲੀ ਹੋਣ ਦੀ ਗੱਲ ਆਖੀ ਜਾਂਦੀ ਹੈ।
ਪਿਛਲੀ ਖ਼ਬਰ ਸੰਨੀ ਓਬਰਾਏ ਨੇ ਸਵੈ ਰੁਜ਼ਗਾਰ ਸਕੀਮ ਤਹਿਤ ਕੰਪਿਊਟਰ ਕੋਰਸ ਪੂਰਾ ਹੋਣ ’ਤੇ ਸਰਟੀਫ਼ਿਕੇਟ ਵੰਡੇ ਅਗਲੀ ਖ਼ਬਰ ਹੈਲਪਲਾਈਨ 14567 ਬਜ਼ੁਰਗਾਂ ਲਈ ਸਹਾਇਤਾ, ਸੁਰੱਖਿਆ ਤੇ ਮਾਰਗ ਦਰਸ਼ਨ ਦਾ ਭਰੋਸੇਮੰਦ ਮਾਧਿਅਮ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।