22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਮਲੋਟ ਦੇ ਵਾਰਡ ਨੰਬਰ 22 ਤੇ 23 'ਤੇ 'ਆਪ' ਦਾ ਕਬਜ਼ਾ- ਗਰਗ ਪਤੀ-ਪਤਨੀ ਨੇ ਵਿਰੋਧੀਆਂ ਨੂੰ ਚਿੱਤ ਕਰਕੇ ਰਚਿਆ ਇਤਿਹਾਸ

ਅਜੀਤ ਡੈਸਕ 30-05-2026
ਮਲੋਟ, 29 ਮਈ (ਪਾਟਿਲ)-ਸ਼ਹਿਰ ਦੀ ਸਿਆਸਤ ਵਿਚ ਸਭ ਤੋਂ ਵੱਕਾਰੀ ਅਤੇ ਅਹਿਮ ਮੰਨੀਆਂ ਜਾਣ ਵਾਲੀਆਂ ਸੀਟਾਂ ਵਾਰਡ ਨੰਬਰ 22 ਤੇ 23 ਦੇ ਚੋਣ ਨਤੀਜਿਆਂ ਨੇ ਸ਼ਹਿਰੀ ਸਿਆਸਤ ਵਿਚ ਇਕ ਨਵਾਂ ਇਤਿਹਾਸ ਲਿਖ ਦਿੱਤਾ ਹੈ | ਇਨ੍ਹਾਂ ਦੋਵਾਂ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਜੋਨੀ ਗਰਗ ਅਤੇ ਉਨ੍ਹਾਂ ਦੀ ਧਰਮਪਤਨੀ ਸਾਰਿਕਾ ਗਰਗ ਨੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਵਿਰੋਧੀਆਂ ਦੇ ਸਾਰੇ ਸਿਆਸੀ ਸਮੀਕਰਨ ਵਿਗਾੜ ਦਿੱਤੇ ਹਨ | ਇਸ ਚੋਣ ਦੀ ਸਭ ਤੋਂ ਖ਼ਾਸ ਤੇ ਦਿਲਚਸਪ ਗੱਲ ਇਹ ਰਹੀ ਕਿ ਇਸ ਵਾਰ ਪਤੀ-ਪਤਨੀ ਦੀ ਜੋੜੀ ਨੇ ਇਕੋ ਸਾਥ ਦੋਵਾਂ ਵਾਰਡਾਂ 'ਤੇ ਫ਼ਤਿਹ ਹਾਸਿਲ ਕਰਕੇ ਸਿਆਸੀ ਮੈਦਾਨ ਮਾਰਿਆ ਹੈ | ਵਾਰਡ ਨੰਬਰ 23 ਦੀ ਚੋਣ ਇਸ ਵਾਰ ਸਭ ਤੋਂ ਬਦਨਾਮ ਤੇ ਸਖ਼ਤ ਮੁਕਾਬਲੇ ਵਾਲੀ ਰਹੀ | ਇੱਥੇ ਆਜ਼ਾਦ ਉਮੀਦਵਾਰ ਟਿੰਕਾ ਗਰਗ ਦੀ ਪਤਨੀ ਸੁਸ਼ੀਲ ਕੁਮਾਰੀ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਆਪਣਾ ਸਮਰਥਨ ਦਿੱਤਾ ਸੀ | ਚੋਣਾਂ ਦੇ ਐਲਾਨ ਤੋਂ ਬਾਅਦ ਹੀ ਇਸ ਵਾਰਡ ਵਿਚ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਸੀ | 26 ਮਈ ਨੂੰ ਵੋਟਾਂ ਵਾਲੇ ਦਿਨ ਵੀ ਸਾਰਾ ਦਿਨ ਸਥਿਤੀ ਬੇਹੱਦ ਤਣਾਅਪੂਰਨ ਬਣੀ ਰਹੀ, ਪਰ ਸਾਰੀਆਂ ਵਿਰੋਧੀਆਂ ਤਾਕਤਾਂ ਦੇ ਗੱਠਜੋੜ ਨੂੰ ਪਛਾੜਦਿਆਂ 'ਆਪ' ਦੀ ਸਾਰਿਕਾ ਗਰਗ ਨੇ ਕਰੀਬ 400 ਵੋਟਾਂ ਦੇ ਵੱਡੇ ਫ਼ਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ | ਦੂਜੇ ਪਾਸੇ ਵਾਰਡ ਨੰਬਰ 22 ਵਿਚ ਵੀ ਮੁਕਾਬਲਾ ਬੇਹੱਦ ਫਸਵਾਂ ਦੱਸਿਆ ਜਾ ਰਿਹਾ ਸੀ, ਜਿੱਥੇ ਆਮ ਆਦਮੀ ਪਾਰਟੀ ਦੇ ਜੋਨੀ ਗਰਗ ਦੀ ਸਿੱਧੀ ਟੱਕਰ ਭਾਜਪਾ ਦੇ ਸਤੀਸ਼ ਅਸੀਜਾ ਨਾਲ ਸੀ, ਪਰ ਵੋਟਰਾਂ ਨੇ 'ਆਪ' ਦੀਆਂ ਨੀਤੀਆਂ 'ਤੇ ਮੋਹਰ ਲਗਾਉਂਦਿਆਂ ਜੋਨੀ ਗਰਗ ਨੂੰ ਕਰੀਬ 500 ਵੋਟਾਂ ਦੀ ਵੱਡੀ ਲੀਡ ਨਾਲ ਜੇਤੂ ਬਣਾਇਆ | ਇਸ ਵੱਕਾਰੀ ਸੀਟ 'ਤੇ ਗਰਗ ਦੰਪਤੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਮਲੋਟ ਸ਼ਹਿਰ ਦੀ ਸਿਆਸਤ ਵਿਚ ਆਪਣੀ ਸਿਆਸੀ ਰਣਨੀਤੀ ਲਈ ਜਾਣੇ ਜਾਂਦੇ ਸੀਨੀਅਰ 'ਆਪ' ਆਗੂ ਪੱਪੀ ਗਰਗ ਦੇ ਨਿਵਾਸ ਸਥਾਨ 'ਤੇ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ | ਜਿੱਤ ਦੀ ਖ਼ਬਰ ਆਉਂਦਿਆਂ ਹੀ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਸਮਰਥਕਾਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਇਤਿਹਾਸਕ ਜਿੱਤ ਤੋਂ ਬਾਅਦ ਜੋਨੀ ਗਰਗ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਭਾਵੁਕ ਹੁੰਦਿਆਂ ਆਪਣੇ ਪਿਤਾ ਪੱਪੀ ਗਰਗ ਦਾ ਵੀ ਉਚੇਚੇ ਤੌਰ 'ਤੇ ਸ਼ੁਕਰਾਨਾ ਕੀਤਾ, ਜਿਨ੍ਹਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਅਤੇ ਉਨ੍ਹਾਂ ਨੂੰ ਸਿਆਸਤ ਦੇ ਇਸ ਮੈਦਾਨ ਵਿਚ ਵਿਚਰਨ ਅਤੇ ਲੋਕ ਸੇਵਾ ਕਰਨ ਦਾ ਸੁਨਹਿਰੀ ਮੌਕਾ ਦਿੱਤਾ | ਜਿੱਤ ਹਾਸਿਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰਗ ਦੰਪਤੀ ਨੇ ਕਿਹਾ ਕਿ ਇਹ ਜਿੱਤ ਸਾਡੀ ਨਹੀਂ, ਬਲਕਿ ਵਾਰਡ ਦੇ ਸੂਝਵਾਨ ਲੋਕਾਂ ਅਤੇ ਸੱਚਾਈ ਦੀ ਜਿੱਤ ਹੈ | ਵਿਰੋਧੀਆਂ ਨੇ ਸਾਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਇਕਤਰਫ਼ਾ ਫ਼ੈਸਲਾ ਸੁਣਾ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ |
ਪਿਛਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ 'ਚ 'ਆਪ' ਨੂੰ 12 ਸੀਟਾਂ ਮਿਲੀਆਂ, ਪਰ ਬਹੁਮਤ ਤੋਂ ਦੂਰ ਅਗਲੀ ਖ਼ਬਰ 6ਵਾਰਡ ਨੰਬਰ 8 ਤੋਂ 'ਆਪ' ਉਮੀਦਵਾਰ ਗੁਰਪਿੰਦਰ ਸਿੰਘ ਸ਼ੈਲੀ 1177 ਵੋਟਾਂ ਦੇ ਫ਼ਰਕ ਨਾਲ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।