ਗਿੱਦੜਬਾਹਾ, 30 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਲੈਂਡ ਮਾਰਟਗੇਜ ਬੈਂਕ ਅੱਗੇ ਆਪਣੀਆਂ ਹੱਕੀ ਮੰਗਾਂ ਸੰਬੰਧੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ | ਭਾਕਿਯੂ ਏਕਤਾ (ਸਿੱਧੂਪਾਰ) ਅਤੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਵੱਡੀ ਗਿਣਤੀ ਇਕੱਤਰ ਕਿਸਾਨਾਂ ਵਲੋਂ ਸੂਬਾ ਸਰਕਾਰ ਅਤੇ ਬੈਂਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫ਼ੂਕਿਆ | ਇਸ ਮੌਕੇ ਬੁਲਾਰਿਆਂ ਵਲੋਂ ਕਿਹਾ ਗਿਆ ਕਿ 'ਆਪ' ਵਲੋਂ ਸਰਕਾਰ ਬਣਨ ਤੋਂ ਪਹਿਲਾਂ ਅਕਸਰ ਪ੍ਰਚਾਰ ਕੀਤਾ ਜਾਂਦਾ ਸੀ ਕਿ ਉਹ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ ਅਤੇ ਕਿਸੇ ਨੂੰ ਪੰਜਾਬ ਵਿਚ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਪਵੇਗੀ, ਪ੍ਰੰਤੂ ਇਸ ਦੇ ਉਲਟ ਸੂਬੇ ਵਿਚ 'ਆਪ' ਦੀ ਸਰਕਾਰ ਬਣਦਿਆਂ ਹੀ ਆਮ ਆਦਮੀ ਤੋਂ ਇਹ ਖ਼ਾਸ ਬੰਦੇ ਬਣ ਗਏ ਅਤੇ ਚਾਰ ਸਾਲਾਂ ਵਿਚ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ ਗਈ | ਫ਼ਰੀਦਕੋਟ ਦੇ ਬੈਂਕ ਅਧਿਕਾਰੀਆਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੇ ਹੁਕਮ ਚਾੜ੍ਹ ਦਿੱਤੇ ਹਨ | ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਪਿੰਡ ਹਰੀ ਨੌਂ ਦੇ ਦੋ ਭਰਾਵਾਂ ਨੂੰ ਕਰਜ਼ੇ ਦਾ ਭਾਰ ਨਾ ਸਹਾਰਦਿਆਂ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ | ਆਜ਼ਾਦ ਦੇਸ਼ ਵਿਚ ਕਿਸਾਨ ਤੇ ਮਜ਼ਦੂਰ ਸੁਰੱਖਿਅਤ ਨਹੀਂ ਹਨ | ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ | ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ, ਜ਼ਿਲ੍ਹਾ ਆਗੂ ਬਾਬਾ ਗੋਰਾ ਸਿੰਘ, ਬਲਾਕ ਪ੍ਰਧਾਨ ਠਾਣਾ ਸਿੰਘ, ਗੁਰਤੇਜ ਸਿੰਘ, ਬੋਘਾ ਸਿੰਘ, ਬਲਵਿੰਦਰ ਸਿੰਘ, ਧਰਮਪਾਲ ਸ਼ਰਮਾ, ਗੁਰਮੀਤ ਸਿੰਘ, ਹਰਭਜਨ ਸਿੰਘ, ਬੂਟਾ ਸਿੰਘ, ਜਲੌਰ ਸਿੰਘ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਅਵਤਾਰ ਸਿੰਘ, ਗੁਰਪਾਲ ਸਿੰਘ, ਚਮਕੌਰ ਸਿੰਘ, ਗੋਸ਼ਾ ਸਿੰਘ, ਤਰਸੇਮ ਸਿੰਘ, ਅੰਗਰੇਜ਼ ਸਿੰਘ, ਇਕਬਾਲ ਸਿੰਘ, ਗੁਰਜੰਟ ਸਿੰਘ, ਨੈਬ ਸਿੰਘ, ਗੁਰਲਾਲ ਸਿੰਘ, ਗਗਨਦੀਪ ਸਿੰਘ, ਸਿਮਰਜੀਤ ਸਿੰਘ, ਨਾਨਕ ਸਿੰਘ, ਗੋਰਾ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |