15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਲੋਟ ਵਿਖੇ ਗੁਰੂ ਰਵਿਦਾਸ ਜੈਅੰਤੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 01-02-2026
ਮਲੋਟ, 31 ਜਨਵਰੀ (ਪਾਟਿਲ)- ਗੁਰੂ ਰਵਿਦਾਸ ਜੀ ਦੇ 649ਵੇਂ ਆਗਮਨ ਪੁਰਬ 'ਤੇ ਮਲੋਟ ਸ਼ਹਿਰ 'ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਅੱਜ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਗੁਰੂ ਰਵਿਦਾਸ ਮੰਦਰ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਵਲੋਂ ਗੁਰੂ ਰਵਿਦਾਸ ਜੀ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਕੇ ਸਮੂਹ ਲੋਕਾਈ ਦੀ ਖ਼ੁਸ਼ਹਾਲੀ ਤੇ ਭਲਾਈ ਲਈ ਅਰਦਾਸ ਕੀਤੀ ਗਈ | ਸ੍ਰੀ ਗੁਰੂ ਰਵਿਦਾਸ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਮਲੋਟ ਵਲੋਂ ਗੁਰਪੁਰਬ ਸੰਬੰਧੀ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਪ੍ਰਵੀਨ ਭੀਮਰੋਟੀਆ, ਵਾਈਸ ਪ੍ਰਧਾਨ ਰਾਜਾ ਰਾਮ ਦੇਵਤਾਲ, ਸਕੱਤਰ ਸੰਜੀਵ ਖੋੜੇਵਾਲ (ਸੰਜੇ), ਖ਼ਜ਼ਾਨਚੀ ਸੁਭਾਸ਼ ਕੁਮਾਰ ਚੰਦੋਵਾਲੀਆ, ਭਵਨ ਇੰਚਾਰਜ ਰਾਮ ਕੁਮਾਰ ਪਰਵਲ ਅਤੇ ਲਾਇਬ੍ਰੇਰੀ ਇੰਚਾਰਜ ਰਾਜ ਕੁਮਾਰ ਗੋਬਿੰਦਗੜ੍ਹੀਆ ਨੇ ਦੱਸਿਆ ਕਿ 31 ਜਨਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਗੁਰੂ ਰਵਿਦਾਸ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਮੁੜ ਮੰਦਰ ਵਿਖੇ ਸੰਪੰਨ ਹੋਈ | ਉਨ੍ਹਾਂ ਦੱਸਿਆ ਕਿ 1 ਫ਼ਰਵਰੀ ਦਿਨ ਐਤਵਾਰ ਨੂੰ ਸਵੇਰੇ 10:15 ਵਜੇ ਅੰਮਿ੍ਤਵਾਣੀ ਪਾਠ ਦਾ ਭੋਗ ਪਾਇਆ ਜਾਵੇਗਾ | ਇਸ ਦੇ ਨਾਲ ਹੀ ਰਾਤ 8 ਵਜੇ ਬਾਣੀ ਦਾ ਗੁਣਗਾਨ ਕੀਤਾ ਜਾਵੇਗਾ | ਸਮਾਗਮ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦਕਿ ਸੋਮ ਲਾਲ, ਲਛਮਣ ਜਾਖੂ ਅਤੇ ਰਾਹੁਲ ਜਾਖੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ | ਸਮਾਗਮਾਂ ਦੌਰਾਨ ਭਜਨ-ਕੀਰਤਨ, ਧਾਰਮਿਕ ਉਪਦੇਸ਼ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਨੇ ਇਹ ਵੀ ਦੱਸਿਆ ਕਿ 1 ਫ਼ਰਵਰੀ ਨੂੰ ਜਲੰਧਰ ਪਹੁੰਚ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਮੇਟੀ ਵਲੋਂ ਭਰਪੂਰ ਸਵਾਗਤ ਕੀਤਾ ਜਾਵੇਗਾ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਦੌਰਾਨ 'ਆਪ' ਆਗੂ ਜੋਨੀ ਗਰਗ, ਗੁਰਪ੍ਰੀਤ ਸਿੰਘ ਵਿਰਦੀ, ਰਮੇਸ਼ ਅਰਨੀਵਾਲਾ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ |
ਪਿਛਲੀ ਖ਼ਬਰ ਸੜਕ ਸੁਰੱਖਿਆ ਮਹੀਨੇ ਦੇ ਆਖ਼ਰੀ ਦਿਨ ਜਾਗਰੂਕਤਾ ਸਮਾਰੋਹ ਕਰਵਾਇਆ ਅਗਲੀ ਖ਼ਬਰ 104 ਸਾਲਾ ਸਾਬਕਾ ਵਿਦਿਆਰਥੀ ਸਹੀਰਾਮ ਬਿਸ਼ਨੋਈ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।