02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕਲਮ ਦੇ ਧਨੀ

ਅਜੀਤ ਡੈਸਕ 05-07-2026

ਨਿੱਕੀ ਕਹਾਣੀ

ਮਾਸਟਰ ਜੀ ਨੇ ਬੂਹਾ ਖੋਲ੍ਹਿਆ। ਫ਼ਤਹਿ ਪਿੱਠ ਘੁਮਾਈ ਲੰਮਾ ਪਿਆ ਸੀ। ਇੰਝ ਲੱਗਾ, ਸੁੱਤਾ ਪਿਆ ਏ-ਪਰ ਫ਼ਤਹਿ ਨੇ ਅੱਖਾਂ ਝਪਕਾਈਆਂ। ਸੋਚਾਂ ਵਿਚ ਐਨਾ ਖੁੱਭਾ ਪਿਆ ਸੀ ਕਿ ਮਾਸਟਰ ਜੀ ਦੀ ਆਹਟ ਵੀ ਨਹੀਂ ਸੁਣੀ।
'ਫ਼ਤਹਿ?' ਮਾਸਟਰ ਜੀ ਨੇ ਬੜੇ ਪਿਆਰ ਨਾਲ ਹੌਲੀ ਜਿਹੇ ਪੁਕਾਰਿਆ।
ਉਹਦੀ ਸੋਚਾਂ ਦੀ ਲੜੀ ਟੁੱਟੀ, ਉੱਠਿਆ ਤੇ ਮਾਸਟਰ ਜੀ ਨੂੰ ਧਾਹ ਗੱਲਵਕੜੀ ਪਾ ਕੇ ਫੁੱਟ-ਫੁੱਟ ਕੇ ਰੋਣ ਲੱਗਾ। ਮਾਸਟਰ ਜੀ ਨੇ ਰੋਕਿਆ ਨਾ, ਸਗੋਂ ਰੋਣ ਦਿੱਤਾ।
'ਦੇਖ ਲਓ, ਮਾਸਟਰ ਜੀ! ਮੈਂ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ। ਕੋਈ ਨਸ਼ਾ ਪੱਤਾ ਨਹੀਂ ਲਿਆ। ਫੇਰ ਵੀ ਸਿਰਫ ਚੌਵੀ ਸਾਲ ਦੀ ਉਮਰ ਵਿਚ ਹੀ ਮੈਨੂੰ ਕੈਂਸਰ ਵਰਗੀ ਬਿਮਾਰੀ ਨੇ ਘੇਰ ਲਿਆ। ਡਾਕਟਰ ਕਹਿੰਦੇ ਨੇ ਕਿ ਮੇਰੇ ਕੋਲ ਛੇ ਮਹੀਨੇ, ਵੱਧ ਤੋਂ ਵੱਧ ਇਕ ਸਾਲ ਏ।' ਜਦੋਂ ਫਤਹਿ ਦਾ ਮਨ ਰੋ ਕੇ ਥੋੜ੍ਹਾ ਹੌਲਾ ਹੋ ਗਿਆ, ਉਹ ਹਊਕੇ ਲੈਂਦਿਆਂ ਬੋਲਿਆ।
'ਤੈਨੂੰ ਪਤੈ, ਤੇਰੇ ਕੋਲ ਇਕ ਸਾਲ ਜ਼ਿੰਦਗੀ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਐਥੋਂ ਉੱਠ ਕੇ ਘਰ ਪਹੁੰਚਾਂ ਜਾਂ ਨਾ। ਹੋ ਸਕਦੈ ਰਾਹ ਵਿਚ ਹੀ ਕੋਈ ਹਾਦਸਾ ਵਾਪਰ ਜਾਵੇ। ਕੁਦਰਤੀ ਆਫ਼ਤ ਆ ਜਾਵੇ। ਦਿਲ ਦੀ ਧੜਕਣ ਰੁਕ ਜਾਵੇ। ਮੌਤ ਸਿੱਕੇ ਦਾ ਦੂਜਾ ਪਾਸਾ ਏ, ਅਟੱਲ ਸੱਚਾਈ ਏ-ਆਉਣੀ ਹੀ ਆਉਣੀ ਏ। ਕਈ ਜਨਮ ਲੈ ਕੇ ਇਕ ਸਾਹ ਵੀ ਨਹੀ ਲੈਂਦੇ ਤੇ ਕਈਆਂ ਨੂੰ ਪਰਮਾਤਮਾ ਨੇ ਅਜਿਹੇ ਗੁਣ ਦਿੱਤੇ ਹੁੰਦੇ ਨੇ, ਜਿਨ੍ਹਾਂ ਕਰਕੇ ਉਹ ਸਦਾ ਜਿਊਂਦੇ ਰਹਿੰਦੇ ਨੇ। ਅੱਜ ਤੂੰ ਰੱਬ ਨੂੰ ਦੋਸ਼ ਦੇ ਰਿਹੈਂ, ਪਰ ਜਿਸ ਦਿਨ ਤੂੰ ਸੱਤਵੀਂ ਜਮਾਤ ਵਿਚ ਹੀ ਸੀ ਤੇ ਤੇਰੀ ਰਚਨਾ ਅਖ਼ਬਾਰ ਵਿਚ ਛਪੀ ਸੀ ਤਾਂ ਤੂੰ ਤੇ ਤੇਰਾ ਪਰਿਵਾਰ ਰੱਬ ਦਾ ਕਿੰਨਾ ਸ਼ੁਕਰਾਨਾ ਕਰ ਰਹੇ ਸੀ।' ਬੋਲਦੇ-ਬੋਲਦੇ ਮਾਸਟਰ ਜੀ ਇਕਦਮ ਰੁਕ ਗਏ। ਉਹ ਫ਼ਤਹਿ ਦੇ ਮੂੰਹ ਵੱਲ ਵੇਖਣ ਲੱਗੇ। ਉਹ ਚੁੱਪ-ਚਾਪ ਮਾਸਟਰ ਜੀ ਦੇ ਚਿਹਰੇ 'ਤੇ ਨਜ਼ਰਾਂ ਟਿਕਾਈ ਬੈਠਾ ਸੀ।
'ਮਹਾਨ ਵੇਦ-ਗ੍ਰੰਥ ਰਚਣ ਵਾਲੇ ਕਿਤੇ ਨਹੀਂ ਗਏ। ਗੁਰੂ ਸਾਹਿਬਾਨ, ਭਗਤ ਜਨ, ਮਹਾਨ ਕਵੀ ਕਦੇ ਮਰ ਹੀ ਨਹੀਂ ਸਕਦੇ। ਇਨਕਲਾਬੀ ਲੋਕ ਆਪਣੀਆਂ ਲਿਖਤਾਂ ਸਦਕਾ ਲੋਕ ਮਨਾਂ ਵਿਚ ਸਦਾ ਜਿਊਂਦੇ ਰਹਿੰਦੇ ਨੇ। ਇਹ ਗੁਣ ਤੇਰੇ ਵਿਚ ਹੈਗੇ ਨੇ। ਤੂੰ ਮੌਤ ਦੇ ਸਹਿਮ ਅੱਗੇ ਆਪਣੀ ਪਛਾਣ ਭੁੱਲ ਗਿਐਂ। ਆਪਣੇ ਅੰਦਰ ਦੇ ਕਵੀ ਨੂੰ ਮੌਤ ਤੋਂ ਪਹਿਲਾਂ ਮਰਨ ਨਾ ਦੇ। ਇਹ ਹੁਣ ਤੇਰੇ 'ਤੇ ਨਿਰਭਰ ਕਰਦਾ ਏ ਕਿ ਤੂੰ ਮੰਜੇ 'ਤੇ ਬੈਠ ਕੇ ਮੌਤ ਉਡੀਕਣੀ ਏਂ ਜਾਂ ਕੁਝ ਅਜਿਹਾ ਸਿਰਜ ਕੇ ਜਾਣਾ ਏ, ਜੋ ਰਹਿੰਦੀ ਦੁਨੀਆ ਤੱਕ ਤੈਨੂੰ ਜਿਊਂਦਾ ਰੱਖੇਗਾ। ਕਲਮ ਦੇ ਧਨੀ ਕਦੇ ਮਰਦੇ ਨਹੀਂ ਹੁੰਦੇ, ਸਗੋਂ ਸਮਾਜ ਦੀ ਰਹਿਨੁਮਾਈ ਕਰਦੇ ਨੇ। ਉੱਠ ਫ਼ਤਹਿ ਤੇਰਾ ਤਾਂ ਨਾਮ ਹੀ ਫ਼ਤਹਿ ਹੈ, ਤੂੰ ਹਾਰ ਕਿਵੇਂ ਸਕਦਾ?' ਮਾਸਟਰ ਜੀ ਨੇ ਫ਼ਤਹਿ ਦੀ ਗੱਲ ਪੂਰੇ ਧਿਆਨ ਨਾਲ ਸੁਣ ਕੇ, ਉਸ ਦੇ ਸਿਰ 'ਤੇ ਹੱਥ ਧਰ ਕੇ ਵਾਲਾਂ ਵਿਚ ਉਂਗਲਾਂ ਫੇਰਦਿਆਂ ਕਿਹਾ।
ਫ਼ਤਹਿ ਧਿਆਨ ਨਾਲ ਮਾਸਟਰ ਜੀ ਦੀਆਂ ਗੱਲਾਂ ਸੁਣਦਾ ਰਿਹਾ। ਵਿਚ ਵਿਚ 'ਹਾਂ-ਹੂੰ' ਵੀ ਕਰਦਾ ਰਿਹਾ।
ਜਦੋਂ ਫ਼ਤਹਿ ਦੀ ਮਾਂ ਚਾਹ ਦੇ ਕੱਪ ਲੈ ਕੇ ਅੰਦਰ ਆਈ ਤਾਂ ਹੈਰਾਨ ਰਹਿ ਗਈ। ਮਾਸਟਰ ਜੀ ਕਮਰੇ 'ਚੋਂ ਬਾਹਰ ਜਾ ਚੁੱਕੇ ਸਨ। ਪਰ....ਪਰ ਫਤਹਿ...!
ਜਦੋਂ ਤੋਂ ਫ਼ਤਹਿ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਿਆ ਸੀ, ਉਹ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ। ਪਰ ਅੱਜ ਕਈ ਮਹੀਨਿਆਂ ਬਾਅਦ ਉਸ ਦੀ ਮਾਂ ਨੇ ਦੇਖਿਆ-ਫਤਹਿ ਕਾਪੀ-ਕਲਮ ਚੁੱਕ, ਕੁਰਸੀ ਮੇਜ਼ ਡਾਹ ਕੇ ਬੈਠਾ ਕੁਝ ਲਿਖ ਰਿਹਾ ਸੀ।

-ਸੰਪਰਕ : 81980-95028

ਪਿਛਲੀ ਖ਼ਬਰ ਮੇਂਨਟੇਨੈਂਸ ਅਗਲੀ ਖ਼ਬਰ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।