02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

* ਗੁਰਦਿਆਲ ਦਲਾਲ *

ਅਜੀਤ ਡੈਸਕ 08-03-2026

ਰੁਮਕਦੀ ਠੰਢੀ ਹੈ ਵਾਅ, ਰੰਗੀਨ ਮੌਸਮ ਹੋ ਗਿਆ ਹੈ।
ਬਿਨ ਤੇਰੇ ਮੇਰਾ ਵੀ ਵਧ ਕੇ, ਸੌ ਗੁਣਾਂ ਗ਼ਮ ਹੋ ਗਿਆ ਹੈ।

ਟਾਹਣੀਆਂ ਨੇ ਝੁਕ ਜ਼ਮੀਂ ਵਲ, ਸਿਰ ਤੇ ਮੇਰੇ ਚੌਰ ਕੀਤਾ,
ਸੜਦੀਆਂ ਧੁੱਪਾਂ 'ਚ ਐਦਾਂ, ਖ਼ੈਰ ਮਕਦਮ ਹੋ ਗਿਆ ਹੈ।

ਪਿਠ ਮੇਰੀ 'ਤੇ ਮੁਸਕਰਾ ਕੇ, ਹੱਥ ਕਿਸੇ ਨੇ ਫੇਰਿਆ ਜਦ,
ਖੁਰਦਰਾ ਖੱਦਰ ਵੀ ਮੇਰਾ, ਨਰਮ ਰੇਸ਼ਮ ਹੋ ਗਿਆ ਹੈ।

ਉੱਠ ਬੈਠਾ ਤੁਰ ਪਿਆ ਫਿਰ, ਦੌੜਿਆ ਤੇ ਹੱਸਿਆ ਮੈਂ,
ਖ਼ਤ ਤੇਰਾ ਜ਼ਖ਼ਮਾਂ ਲਈ ਲੁਕਮਨ ਦੀ ਮਰਹਮ ਹੋ ਗਿਆ ਹੈ।

ਇਨਕਲਾਬੀ ਚੁੱਕ ਬਾਹਾਂ, ਚੁੰਮ ਕੇ ਸੂਲੀ ਨੂੰ ਗਰਜੇ,
ਦਰਦ ਬੁੱਲ੍ਹਾਂ ਤੀਕ ਆਉਂਦਾ, ਹੁਣ ਤਬੱਸਮ ਹੋ ਗਿਆ ਹੈ।

ਜੰਗ ਹਿੰਸਾ ਤੋਂ ਬਿਨਾਂ ਉਹ, ਵਧ ਰਹੇ ਨੇ ਜਿੱਤ ਵਲ ਨੂੰ,
ਮਾਣ ਦਾ ਸਿੰਬਲ ਤਦੇ ਕਿਰਸਾਨ ਪਰਚਮ ਹੋ ਗਿਆ ਹੈ।
*
*
ਰੋਕੀਂ, ਉਸ ਦਰਿਆ ਨੂੰ ਪੁੱਛੀਂ, ਝਰਨੇ ਵਿਚ ਮਿਲਾਏ ਕਿੱਦਾਂ।
ਹੋਂਦ ਮਿਟਾ ਕੇ ਨਿੱਕੜਿਆਂ ਦੀ, ਅਪਣੇ ਨਾਲ ਵਹਾਏ ਕਿੱਦਾਂ।

ਥੱਕੀ ਟੁੱਟੀ ਘਰ ਪੁੱਜੇ ਉਹ, ਪਤੀ ਹਵਾਲੇ ਕਰੇ ਕਮਾਈ,
ਰੋ ਰੋ ਧੀ ਬਾਬਲ ਨੂੰ ਪੁੱਛੇ, ਮੇਰੇ ਲੇਖ ਲਿਖਾਏ ਕਿੱਦਾਂ।

ਚਾਰ ਚੁਫ਼ੇਰੇ ਵਾੜ ਬਣੀ ਹੈ, ਦਰ ਅੱਗੇ ਤਲਵਾਰ ਤਣੀ ਹੈ,
ਰੋਕੋ ਦਿਲ ਚੋਰਾਂ ਨੂੰ ਰੋਕੋ, ਸੁਪਨੇ ਦੇ ਵਿਚ ਆਏ ਕਿੱਦਾਂ।

ਹੌਲੀ ਹੌਲੀ ਵਕਤ ਬੀਤਿਆ, ਭੁੱਲੇ ਹਾਂ ਇਤਿਹਾਸ ਪੁਰਾਣਾ,
ਕੀ ਲਿਖੀਏ ਕਿ ਸੂਰਮਿਆਂ ਨੇ, ਅਪਣੇ ਸੀਸ ਕਟਾਏ ਕਿੱਦਾਂ।

ਰੁਕ ਕੇ ਅੱਜ ਬਨੇਰੇ ਉੱਤੇ, ਇਕ ਬਦਲੀ ਸੀ ਵਾਲ ਝੰਡਕਦੀ,
ਕੀ ਦੱਸਾਂ ਮੈਂ ਹੇਠ ਗਲ਼ੀ ਵਿਚ, ਰੁਕ ਰੁਕ ਲੋਕ ਨਹਾਏ ਕਿੱਦਾਂ।

ਉਸ ਦਾ ਮਨ ਫਿਰ ਫੜੇ ਹੌਸਲਾ, ਜਦ ਫ਼ੌਜਣ ਦਾ ਫ਼ੋਨ ਮਿਲੇ ਤਾਂ,
ਦੇਖੋ ਫ਼ੌਜੀ ਬਰਫ਼ਾਂ ਦੇ ਵਿਚ, ਘਰ ਤੋਂ ਨਿੱਘ ਮੰਗਾਏ ਕਿੱਦਾਂ।

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ .ਰੱਬ ਦੇ ਅਵਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।