ਸੂਰਿਆ ਇਨਕਲੇਵ ਐਕਸਟੈਨਸ਼ਨ ਦੀਆਂ 70 ਕਰੋੜ ਦੀਆਂ ਜਾਇਦਾਦਾਂ ਦੀ ਟਰੱਸਟ ਕਰਵਾਏਗਾ ਈ-ਬੋਲੀ
ਕੁਝ ਦਿਨ ਪਹਿਲਾਂ ਟਰੱਸਟ ਵੇਚ ਚੁੱਕਾ ਹੈ 15 ਕਰੋੜ ਦੀਆਂ ਜਾਇਦਾਦਾਂ, ਅਲਾਟੀਆਂ ਨੂੰ ਮਿਲ ਸਕਦੀ ਹੈ ਕੁਝ ਅਦਾਇਗੀ
ਜਲੰਧਰ, 10 ਨਵੰਬਰ (ਸ਼ਿਵ)- ਸੂਰਿਆ ਇਨਕਲੇਵ ਐਕਸਟੈਨਸ਼ਨ ’ਚ ਕੁਝ ਜਾਇਦਾਦਾਂ ਦੀ ਵਿਕਰੀ ਤੋਂ ਬਾਅਦ ਹੁਣ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਅਗਲੇ ਹਫ਼ਤੇ ਇਸੇ ਕਾਲੋਨੀ ’ਚ ਕਰੀਬ 70 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਵੇਚਣ ਲਈ ਈ-ਬੋਲੀ ਕਰਵਾਈ ਜਾ ਰਹੀ ਹੈ। ਕੁਝ ਦਿਨ ਪਹਿਲਾਂ ਟਰੱਸਟ ਵਲੋਂ ਇਸ ਕਾਲੋਨੀ ’ਚ ਕਰੀਬ 15 ਕਰੋੜ ਰੁਪਏ ਦੇ ਪਲਾਟਾਂ ਦੀ ਬੋਲੀ ਕਰਵਾਈ ਗਈ ਸੀ, ਜੋ ਸਫਲ ਰਹੀ ਸੀ।
ਜਲੰਧਰ, 10 ਨਵੰਬਰ (ਸ਼ਿਵ)- ਸੂਰਿਆ ਇਨਕਲੇਵ ਐਕਸਟੈਨਸ਼ਨ ’ਚ ਕੁਝ ਜਾਇਦਾਦਾਂ ਦੀ ਵਿਕਰੀ ਤੋਂ ਬਾਅਦ ਹੁਣ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਅਗਲੇ ਹਫ਼ਤੇ ਇਸੇ ਕਾਲੋਨੀ ’ਚ ਕਰੀਬ 70 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਵੇਚਣ ਲਈ ਈ-ਬੋਲੀ ਕਰਵਾਈ ਜਾ ਰਹੀ ਹੈ। ਕੁਝ ਦਿਨ ਪਹਿਲਾਂ ਟਰੱਸਟ ਵਲੋਂ ਇਸ ਕਾਲੋਨੀ ’ਚ ਕਰੀਬ 15 ਕਰੋੜ ਰੁਪਏ ਦੇ ਪਲਾਟਾਂ ਦੀ ਬੋਲੀ ਕਰਵਾਈ ਗਈ ਸੀ, ਜੋ ਸਫਲ ਰਹੀ ਸੀ। ਟਰੱਸਟ ਵਲੋਂ ਹੁਣ ਵੇਚੇ ਗਏ ਪਲਾਟਾਂ ਦੀ ਅਲਾਟਮੈਂਟ ਸਬੰਧੀ ਜਲਦੀ ਹੀ ਮੀਟਿੰਗ ਸੱਦੀ ਜਾਵੇਗੀ। ਮੀਟਿੰਗ ਵਿਚ ਅਲਾਟਮੈਂਟ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਪ੍ਰਵਾਨਗੀ ਲਈ ਸਰਕਾਰ ਕੋਲ ਭੇਜਿਆ ਜਾਵੇਗਾ। ਸਰਕਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਸਾਰੇ ਪਲਾਟਾਂ ਦੀ ਅਲਾਟਮੈਂਟ ਕਰ ਦਿੱਤੀ ਜਾਵੇਗੀ। ਸੂਰਿਆ ਇਨਕਲੇਵ ਐਕਸਟੈਨਸ਼ਨ ’ਚ ਹੁਣ ਵਿਕਰੀ ਲਈ ਬਹੁਤ ਘੱਟ ਜਾਇਦਾਦਾਂ ਬਾਕੀ ਰਹਿ ਗਈਆਂ ਹਨ। ਇਨ੍ਹਾਂ ’ਚੋਂ ਕਰੀਬ 70 ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚਣ ਲਈ ਅਗਲੇ ਹਫ਼ਤੇ ਈ-ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਟਰੱਸਟ ਦੇ ਸੂਤਰਾਂ ਅਨੁਸਾਰ ਇਸ ਬੋਲੀ ਦੇ ਸਫਲ ਹੋਣ ਤੋਂ ਬਾਅਦ ਬਾਕੀ ਰਹਿੰਦੀਆਂ ਜਾਇਦਾਦਾਂ ਨੂੰ ਵੀ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਪਹਿਲਾਂ ਵੀ ਕਈ ਜਾਇਦਾਦਾਂ ਵਿਕਰੀ ਲਈ ਰੱਖੀਆਂ ਜਾ ਚੁੱਕੀਆਂ ਹਨ। ਦੂਜੇ ਪਾਸੇ, ਟਰੱਸਟ ਨੇ ਅਜੇ ਅਲਾਟੀਆਂ ਦੀ ਕਰੀਬ 100 ਕਰੋੜ ਰੁਪਏ ਦੀ ਰਕਮ ਅਦਾ ਕਰਨੀ ਹੈ। ਸਮਝਿਆ ਜਾ ਰਿਹਾ ਹੈ ਕਿ ਜਾਇਦਾਦਾਂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਰਕਮ ਵਿੱਚੋਂ ਅਲਾਟੀਆਂ ਦੀ ਬਕਾਇਆ ਅਦਾਇਗੀ ਦਾ ਕੁਝ ਹਿੱਸਾ ਦਿੱਤਾ ਜਾ ਸਕਦਾ ਹੈ। ਕਿਉਂਕਿ ਅਲਾਟੀਆਂ ਨੂੰ ਦਿੱਤੀ ਜਾਣ ਵਾਲੀ ਇਸ ਰਕਮ ਉੱਤੇ ਟਰੱਸਟ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਵਿਆਜ ਵੀ ਦੇਣਾ ਪੈ ਰਿਹਾ ਹੈ।