ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ ਨੇ ਆਦਮਪੁਰ ਇਲਾਕੇ ’ਚ ਵਾਰਦਾਤ ਕਰਨ ਦੀ ਤਾਕ ’ਚ ਘੁੰਮ ਰਹੇ ਗਰੋਹ ਦੇ 2 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 3 ਨਾਜਾਇਜ਼ ਦੇਸੀ ਪਿਸਤੌਲ, 1 ਦੇਸੀ ਕੱਟਾ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਚਰਨਜੋਤ ਸਿੰਘ ਉਰਫ਼ ਜੋਤ ਵਾਸੀ ਪਿੰਡ ਮਲਕਪੁਰ ਤੇ ਅਮਨਦੀਪ ਸਿੰਘ ਉਰਫ਼ ਅਮਨੀ ਵਾਸੀ ਪਿੰਡ ਨਰੂੜ ਦੋਵੇਂ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਆਦਮਪੁਰ ਵਿਖੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦਿਹਾਤੀ ਏ. ਐੱਸ. ਆਈ. ਰਾਜਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ 17 ਅਕਤੂਬਰ ਨੂੰ ਆਦਮਪੁਰ ਦੇ ਖੇਤਰ ’ਚ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਚਰਨਜੀਤ ਸਿੰਘ ਉਰਫ਼ ਜੋਤ ਤੇ ਅਮਨਦੀਪ ਸਿੰਘ ਉਰਫ਼ ਅਮਨੀ ਜੋ ਵੱਖ-ਵੱਖ ਵਾਰਦਾਤਾਂ ’ਚ ਸ਼ਾਮਿਲ ਹਨ ਤੇ ਨਾਜਾਇਜ਼ ਹਥਿਆਰ ਲੈ ਕੇ ਵਾਰਦਾਤ ਕਰਨ ਦੀ ਤਾਕ ’ਚ ਘੁੰਮ ਰਹੇ ਸਨ, ਨੂੰ ਗਰੇਵਾਲ ਸਰਵਿਸ ਸਟੇਸ਼ਨ ਨੇੜਿਓਂ ਕਾਬੂ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਿਸ ਟੀਮ ਮੁਲਜ਼ਮਾਂ ਦੇ ਕਬਜ਼ੇ ਵਿਚੋਂ .32 ਬੋਰ ਦੇ ਦੋ ਦੇਸੀ ਪਿਸਤੌਲ, .30 ਬੋਰ ਦਾ ਇਕ ਦੇਸੀ ਪਿਸਤੌਲ, .315 ਬੋਰ ਦਾ ਇਕ ਦੇਸੀ ਕੱਟਾ, .32 ਬੋਰ ਦੇ ਚਾਰ ਜ਼ਿੰਦਾ ਕਾਰਤੂਸ,.30 ਬੋਰ ਦੇ ਦੋ ਜ਼ਿੰਦਾ ਕਾਰਤੂਸ ਅਤੇ .315 ਬੋਰ ਦਾ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਐੱਸ. ਐੱਸ. ਪੀ. ਵਿਰਕ ਨੇ ਅੱਗੇ ਦੱਸਿਆ ਕਿ ਚਰਨਜੋਤ ਸਿੰਘ ਉਰਫ਼ ਜੋਤ ਤੇ ਅਮਨਦੀਪ ਸਿੰਘ ਉਰਫ਼ ਅਮਨੀ ਖ਼ਿਲਾਫ਼ ਪਹਿਲਾਂ ਵੀ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਹਨ ਅਤੇ ਹੋਰ ਵੀ ਵਾਰਦਾਤ ਕਰ ਸਕਦੇ ਸਨ। ਦੋਵਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਇਹ ਹਥਿਆਰ ਕਿੱਥੋਂ ਲਏ ਸਨ ਅਤੇ ਉਨ੍ਹਾਂ ਨੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।