ਜਯੋਤੀ ਨਗਰ ਦੇ ਕੂੜੇ ਦੇ ਡੰਪ ਨੂੰ ਬੰਦ ਕਰਵਾਉਣ ਲਈ ਅਰਬਨ ਅਸਟੇਟ ਫੇਜ਼-1, ਫੇਜ਼-2 ਅਤੇ ਪੁੱਡਾ ਮਾਰਕੀਟ ਐਸੋਸੀਏਸ਼ਨ ਵਲੋਂ ਸੰਘਰਸ਼ ਦਾ ਐਲਾਨ
ਜਲੰਧਰ, 13 ਅਕਤੂਬਰ (ਸ਼ਿਵ)- ਅਰਬਨ ਅਸਟੇਟ ਫੇਜ਼-1, ਫੇਜ਼-2 ਦੀ ਵੈੱਲਫੇਅਰ ਐਸੋਸੀਏਸ਼ਨ ਅਤੇ ਪੁੱਡਾ ਮਾਰਕੀਟ, ਅਰਬਨ ਅਸਟੇਟ ਫੇਜ਼-2 ਦੀ ਮਾਰਕੀਟ ਐਸੋਸੀਏਸ਼ਨ ਵਲੋਂ ਜਯੋਤੀ ਨਗਰ ਸਥਿਤ ਕੂੜੇ ਦੇ ਡੰਪ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਲਦ ਹੀ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਜਲੰਧਰ, 13 ਅਕਤੂਬਰ (ਸ਼ਿਵ)- ਅਰਬਨ ਅਸਟੇਟ ਫੇਜ਼-1, ਫੇਜ਼-2 ਦੀ ਵੈੱਲਫੇਅਰ ਐਸੋਸੀਏਸ਼ਨ ਅਤੇ ਪੁੱਡਾ ਮਾਰਕੀਟ, ਅਰਬਨ ਅਸਟੇਟ ਫੇਜ਼-2 ਦੀ ਮਾਰਕੀਟ ਐਸੋਸੀਏਸ਼ਨ ਵਲੋਂ ਜਯੋਤੀ ਨਗਰ ਸਥਿਤ ਕੂੜੇ ਦੇ ਡੰਪ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਲਦ ਹੀ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਤੋਂ ਬਾਅਦ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲਿਜਾਣ ਦੇ ਨਾਲ-ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਪੱਤਰ ਲਿਖਿਆ ਜਾਵੇਗਾ। ਇਸ ਬਾਰੇ ਮੀਟਿੰਗ ਵਿੱਚ ਪ੍ਰੋ. ਕੰਵਰ ਸਰਤਾਜ ਸਿੰਘ, ਐਡਵੋਕੇਟ ਕਰਨ ਲਾਲੀ, ਜਗਬੀਰ ਸਿੰਘ ਬਰਾੜ, ਅਮਰਜੀਤ ਸਿੰਘ, ਮੋਹਿਤ ਤ੍ਰੇਹਨ, ਅਰੁਣ ਅਗਰਵਾਲ, ਲੱਕੀ ਭਗਤ, ਅਨਿਲ ਠਾਕੁਰ, ਜਸਜੀਤ ਸਿੰਘ ਰਾਏ, ਅਮਰਜੀਤ ਸਿੰਘ ਸਚਦੇਵਾ, ਵਿਕਾਸ ਕੈਂਥ, ਸੁਨੀਲ ਭਾਰਦਵਾਜ, ਅਨਿਲ ਸ਼ਰਮਾ, ਵਰਿੰਦਰਪਾਲ ਬੰਟੀ ਸਮੇਤ ਹੋਰ ਮੈਂਬਰ ਹਾਜ਼ਰ ਸਨ। ਜਿਸ ਵਿਚ ਇਹ ਅਹਿਮ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਜਯੋਤੀ ਨਗਰ ਵਿਖੇ ਸਥਿਤ ਇਹ ਕੂੜੇ ਦਾ ਡੰਪ ਆਸ-ਪਾਸ ਦੀਆਂ ਰਿਹਾਇਸ਼ੀ ਕਾਲੋਨੀਆਂ, ਮਾਰਕੀਟ, ਹਸਪਤਾਲਾਂ, ਸਕੂਲਾਂ ਅਤੇ ਪੈਟਰੋਲ ਪੰਪ ਦੇ ਨੇੜੇ ਹੋਣ ਕਾਰਨ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਇਸ ਕਾਰਨ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਡੰਪ ਦੇ ਵਿਰੋਧ ਵਿਚ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਇਲਾਕਾ ਨਿਵਾਸੀਆਂ ਦੀ ਸਿਹਤ ਅਤੇ ਸਾਫ਼-ਸੁਥਰੇ ਵਾਤਾਵਰਨ ਦੀ ਰੱਖਿਆ ਲਈ ਇਸ ਡੰਪ ਨੂੰ ਬੰਦ ਕਰਵਾਉਣ ਵਾਸਤੇ ਹਰ ਸੰਭਵ ਕਾਨੂੰਨੀ ਅਤੇ ਜਮਹੂਰੀ ਕਦਮ ਚੁੱਕੇ ਜਾਣਗੇ।