07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦੋਮੋਰੀਆ ਪੁਲ ਰੇਲ ਲਾਈਨ ਦੇ ਪੁਰਾਣੇ ਗਾਡਰ ਬਦਲਣ ਦਾ ਕੰਮ ਸ਼ੁਰੂ, ਰਸਤਾ ਬੰਦ ਹੋਣ ਨਾਲ ਇਲਾਕੇ ’ਚ ਲੱਗਾ ਜਾਮ

ਜਲੰਧਰ, 6 ਅਕਤੂਬਰ (ਸ਼ਿਵ)- ਦੋਮੋਰੀਆ ਪੁਲ ’ਤੇ ਰੇਲ ਵਿਭਾਗ ਵਲੋਂ ਰੇਲ ਲਾਈਨ ਦੇ ਕਾਫੀ ਪੁਰਾਣੇ ਗਾਡਰਾਂ ਨੂੰ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲ ਲਾਈਨ ਦੀ ਸੁਰੱਖਿਆ ਅਤੇ ਮਜ਼ਬੂਤੀ ਲਈ ਕੀਤੇ ਜਾ ਰਹੇ ਇਸ ਕੰਮ ਕਾਰਨ ਦੋਮੋਰੀਆ ਪੁਲ ਦਾ ਰਸਤਾ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਸ਼ਿਵ)- ਦੋਮੋਰੀਆ ਪੁਲ ’ਤੇ ਰੇਲ ਵਿਭਾਗ ਵਲੋਂ ਰੇਲ ਲਾਈਨ ਦੇ ਕਾਫੀ ਪੁਰਾਣੇ ਗਾਡਰਾਂ ਨੂੰ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲ ਲਾਈਨ ਦੀ ਸੁਰੱਖਿਆ ਅਤੇ ਮਜ਼ਬੂਤੀ ਲਈ ਕੀਤੇ ਜਾ ਰਹੇ ਇਸ ਕੰਮ ਕਾਰਨ ਦੋਮੋਰੀਆ ਪੁਲ ਦਾ ਰਸਤਾ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲ ਦੇ ਇਕ ਹਿੱਸੇ ’ਤੇ ਸੜਕ ਬਣਾਉਣ ਦਾ ਕੰਮ ਚੱਲਣ ਕਾਰਨ ਪਹਿਲਾਂ ਹੀ ਰਸਤਾ ਬੰਦ ਹੈ। ਅਜਿਹੇ ਵਿੱਚ ਦੋਮੋਰੀਆ ਪੁਲ ਦੇ ਹੇਠਾਂ ਵਾਲਾ ਰਸਤਾ ਵੀ ਬੰਦ ਹੋਣ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋਈ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ ਦੋਮੋਰੀਆ ਪੁਲ ਦਾ ਹੇਠਲਾ ਰਸਤਾ ਬੰਦ ਰਹਿਣ ਕਾਰਨ ਟ੍ਰੈਫਿਕ ਦਾ ਦਬਾਅ ਇਕਹਿਰੀ ਪੁਲੀ ਤੋਂ ਲੈ ਕੇ ਅੱਡਾ ਹੁਸ਼ਿਆਰਪੁਰ ਫਾਟਕ ਅਤੇ ਟਾਂਡਾ ਰੋਡ ਤੱਕ ਦੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਾਫੀ ਸਮਾਂ ਲੱਗਿਆ। ਇਕਹਿਰੀ ਪੁਲੀ ’ਤੇ ਵੀ ਅਕਸਰ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਰਸਤੇ ਤੋਂ ਵੱਡੀ ਗਿਣਤੀ ਵਿੱਚ ਈ-ਰਿਕਸ਼ੇ ਅਤੇ ਕਾਰਾਂ ਲੰਘਣ ਕਾਰਨ ਆਵਾਜਾਈ ਦਾ ਦਬਾਅ ਵਧ ਜਾਂਦਾ ਹੈ। ਦੋਮੋਰੀਆ ਪੁਲ ਦਾ ਰਸਤਾ ਬੰਦ ਹੋਣ ਤੋਂ ਬਾਅਦ ਵਾਹਨਾਂ ਦਾ ਵਾਧੂ ਬੋਝ ਇਸ ਮਾਰਗ ’ਤੇ ਆ ਜਾਣ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ। ਰੇਲ ਵਿਭਾਗ ਵਲੋਂ ਦਮੋਰੀਆ ਪੁਲ ’ਤੇ ਰੇਲ ਲਾਈਨ ਦੇ ਪੁਰਾਣੇ ਗਾਡਰਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸੀਮੈਂਟ ਦੇ ਸਲੈਬ ਪਾਉਣ ਦੀ ਯੋਜਨਾ ਹੈ। ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਇਹ ਕੰਮ ਲਗਭਗ ਇਕ ਮਹੀਨੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਕੰਮ ਦੌਰਾਨ ਰੇਲ ਗੱਡੀਆਂ ਦੀ ਆਵਾਜਾਈ ਨੂੰ ਧਿਆਨ ਵਿਚ ਰੱਖਦਿਆਂ ਲੋੜ ਅਨੁਸਾਰ ਸ਼ਟਡਾਊਨ ਲਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲ ਵਿਭਾਗ ਵਲੋਂ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਇਸ ਦਾ ਵੱਡਾ ਹਿੱਸਾ ਰਾਤ ਦੇ ਸਮੇਂ ਕੀਤੇ ਜਾਣ ਦੀ ਸੰਭਾਵਨਾ ਹੈ, ਤਾਂ ਜੋ ਦਿਨ ਵੇਲੇ ਰੇਲ ਆਵਾਜਾਈ ਅਤੇ ਆਮ ਜਨਤਾ ’ਤੇ ਘੱਟ ਤੋਂ ਘੱਟ ਪ੍ਰਭਾਵ ਪਵੇ। ਹਾਲਾਂਕਿ ਜਦੋਂ ਤੱਕ ਕੰਮ ਮੁਕੰਮਲ ਨਹੀਂ ਹੁੰਦਾ, ਦੋਮੋਰੀਆ ਪੁਲ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਟ੍ਰੈਫਿਕ ਦਾ ਦਬਾਅ ਬਣੇ ਰਹਿਣ ਦੀ ਸੰਭਾਵਨਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਮੋਰੀਆ ਪੁਲ ਦੇ ਇਕ ਤੋਂ ਵੱਧ ਰਸਤਿਆਂ ’ਤੇ ਕੰਮ ਚੱਲਣ ਕਾਰਨ ਵਾਹਨਾਂ ਲਈ ਬਦਲਵੇਂ ਮਾਰਗ ਸੀਮਤ ਹੋ ਗਏ ਹਨ। ਇਸ ਲਈ ਟ੍ਰੈਫਿਕ ਪੁਲਿਸ ਅਤੇ ਸਬੰਧਤ ਵਿਭਾਗਾਂ ਵਲੋਂ ਇਨ੍ਹਾਂ ਇਲਾਕਿਆਂ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਹੈ, ਤਾਂ ਜੋ ਰਾਹਗੀਰਾਂ ਨੂੰ ਲੰਬੇ ਜਾਮ ਤੋਂ ਰਾਹਤ ਮਿਲ ਸਕੇ। ਉਂਜ ਕੁਝ ਦਿਨ ਬਾਅਦ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਮੌਕੇ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਤਾਂ ਉਸ ਵੇਲੇ ਲੋੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਮੋਰੀਆ ਪੁਲ ਦੀਆਂ ਲਾਈਨਾਂ ਦੇ ਗਾਡਰ ਬਦਲਣ ਤੋਂ ਪਹਿਲਾਂ ਇਸ ਦੀ ਪਿੱਲਰਾਂ ਨੂੰ ਮਜ਼ਬੂਤ ਕੀਤਾ ਗਿਆ ਸੀ ਤਾਂ ਕਾਫੀ ਸਮੇਂ ਤੱਕ ਇਸ ਦਾ ਕੰਮ ਬੰਦ ਰਿਹਾ ਸੀ। ਉੱਤਰੀ ਹਲਕੇ ਦੇ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਵਲੋਂ ਇਹ ਮਸਲਾ ਡੀ. ਆਰ. ਐਮ. ਕੋਲ ਉਠਾਇਆ ਗਿਆ ਸੀ ਜਿਸ ’ਤੇ ਹੁਣ ਕੰਮ ਸ਼ੁਰੂੁ ਹੋ ਗਿਆ ਹੈ। ਕੰਮ ਦੌਰਾਨ ਵੱਡੀ ਗਿਣਤੀ ਵਿਚ ਰੇਲ ਕਰਮਚਾਰੀ ਤੇ ਅਫ਼ਸਰ ਵੀ ਡਟੇ ਹੋਏ ਸਨ।
ਪਿਛਲੀ ਖ਼ਬਰ ਗਾਜ਼ੀਗੁੱਲਾ ਵਿਖੇ ਘਰ ’ਚੋਂ ਦਿਨ-ਦਿਹਾੜੇ ਨਕਦੀ ਤੇ ਲੱਖਾਂ ਦੇ ਗਹਿਣੇ ਚੋਰੀ ਅਗਲੀ ਖ਼ਬਰ ਪਠਾਨਕੋਟ ਰੋਡ ’ਤੇ ਰਾਉਵਾਲੀ ਵਿਖੇ ਲੱਗੇਗੀ ਅਸਥਾਈ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।