ਕਦੋਂ ਪੂਰਾ ਹੋਵੇਗਾ ਪਟੇਲ ਚੌਕ ਤੋਂ ਬਿਧੀਪੁਰ ਫਾਟਕ ਤੱਕ ਚੱਲ ਰਿਹਾ ਗਰੀਨ ਬੈਲਟ ਦਾ ਕੰਮ
ਜਲੰਧਰ, 4 ਅਕਤੂਬਰ (ਸ਼ਿਵ)- ਸ਼ਹਿਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਗਰੀਨ ਬੈਲਟ ਪ੍ਰੋਜੈਕਟ ਦਾ ਕੰਮ ਲੰਮੇ ਸਮੇਂ ਤੋਂ ਸੁਸਤ ਰਫ਼ਤਾਰ ਨਾਲ ਚੱਲਣ ਕਾਰਨ ਹੁਣ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਵੀ ਨਾਰਾਜ਼ ਦੱਸੇ ਜਾ ਰਹੇ ਹਨ। ਪ੍ਰੋਜੈਕਟ ਦੀ ਮੱਠੀ ਰਫ਼ਤਾਰ ਅਤੇ ਕਈ ਥਾਵਾਂ ’ਤੇ ਕੰਮ ਅਧੂਰਾ ਪਿਆ ਹੋਣ ਨੂੰ ਲੈ ਕੇ ਮੇਅਰ ਵੱਲੋਂ ਸਬੰਧਤ ਕੰਪਨੀ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ ਗਿਆ ਹੈ।
ਜਲੰਧਰ, 4 ਅਕਤੂਬਰ (ਸ਼ਿਵ)- ਸ਼ਹਿਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਗਰੀਨ ਬੈਲਟ ਪ੍ਰੋਜੈਕਟ ਦਾ ਕੰਮ ਲੰਮੇ ਸਮੇਂ ਤੋਂ ਸੁਸਤ ਰਫ਼ਤਾਰ ਨਾਲ ਚੱਲਣ ਕਾਰਨ ਹੁਣ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਵੀ ਨਾਰਾਜ਼ ਦੱਸੇ ਜਾ ਰਹੇ ਹਨ। ਪ੍ਰੋਜੈਕਟ ਦੀ ਮੱਠੀ ਰਫ਼ਤਾਰ ਅਤੇ ਕਈ ਥਾਵਾਂ ’ਤੇ ਕੰਮ ਅਧੂਰਾ ਪਿਆ ਹੋਣ ਨੂੰ ਲੈ ਕੇ ਮੇਅਰ ਵੱਲੋਂ ਸਬੰਧਤ ਕੰਪਨੀ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ ਗਿਆ ਹੈ। ਇਸ ਦੌਰਾਨ ਮੌਕੇ ’ਤੇ ਜਾ ਕੇ ਪੂਰੇ ਪ੍ਰੋਜੈਕਟ ਦੀ ਪ੍ਰਗਤੀ ਅਤੇ ਕੰਮ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਸ਼ਹਿਰ ਨੂੰ ਸੁੰਦਰ ਬਣਾਉਣ ਲਈ ਮੇਅਰ ਵਨੀਤ ਧੀਰ ਨੇ ਕਈ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਕਰਵਾਇਆ ਸੀ ਪਰ ਉਨ੍ਹਾਂ ਵਲੋਂ ਕਈ ਬਾਰ ਇਨ੍ਹਾਂ ਦਾ ਮੌਕਾ ਦੇਖਣ ਤੋਂ ਬਾਅਦ ਵੀ ਪ੍ਰੋਜੈਕਟਾਂ ਦੇ ਕੰਮ ਪੂਰੇ ਹੋਣ ਦਾ ਨਾਂਅ ਨਹੀਂ ਲੈ ਰਹੇ ਹਨ। ਨਗਰ ਨਿਗਮ ਵਲੋਂ ਮੇਅਰ ਦੀਆਂ ਹਦਾਇਤਾਂ ’ਤੇ ਪਟੇਲ ਚੌਂਕ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਆਉਣ-ਜਾਣ ਵਾਲੀਆਂ ਦੋਵੇਂ ਸਾਈਡਾਂ ’ਤੇ 5.5 ਕਰੋੜ ਦੀ ਲਾਗਤ ਨਾਲ ਗਰੀਨ ਬੈਲਟ ਤਿਆਰ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਦੋਵੇਂ ਸਾਈਡਾਂ ਮਿਲਾ ਕੇ ਲਗਭਗ 17 ਕਿਲੋਮੀਟਰ ਦੇ ਇਸ ਪੂਰੇ ਖੇਤਰ ਵਿਚ ਗਰੀਨ ਬੈਲਟ ਵਿਕਸਿਤ ਕੀਤੀ ਜਾਣੀ ਹੈ। ਇਸ ਤਹਿਤ ਪਾਰਕ ਬੈਂਚ ਲਗਾਉਣ, ਬੂਟੇ ਅਤੇ ਪੌਦੇ ਲਗਾਉਣ ਸਮੇਤ ਲੋਕਾਂ ਲਈ ਵਾਤਾਵਰਣ ਪੱਖੋਂ ਸੁਹਾਵਣਾ ਮਾਹੌਲ ਤਿਆਰ ਕਰਨ ਲਈ ਹੋਰ ਵੀ ਕਈ ਕੰਮ ਕੀਤੇ ਜਾਣੇ ਹਨ।ਹਾਲਾਂਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ ਕਈ ਮਹੀਨੇ ਬੀਤ ਚੁੱਕੇ ਹਨ, ਪਰ ਜ਼ਮੀਨੀ ਪੱਧਰ ’ਤੇ ਕੰਮ ਦੀ ਰਫ਼ਤਾਰ ਨੂੰ ਦੇਖਦਿਆਂ ਇਹ ਪ੍ਰੋਜੈਕਟ ਜਲਦ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕਈ ਥਾਵਾਂ ’ਤੇ ਬੂਟੇ ਲਗਾਏ ਗਏ ਸਨ ਪਰ ਸਹੀ ਸੰਭਾਲ ਅਤੇ ਹੋਰ ਕਾਰਨਾਂ ਕਰਕੇ ਇਨ੍ਹਾਂ ਵਿੱਚੋਂ ਕਈ ਬੂਟੇ ਸੁੱਕ ਚੁੱਕੇ ਹਨ। ਇਸ ਤੋਂ ਇਲਾਵਾ ਰਸਤੇ ਦੇ ਕਈ ਹਿੱਸਿਆਂ ਵਿਚ ਅਜੇ ਵੀ ਕਬਜ਼ੇ ਮੌਜੂਦ ਹਨ। ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਤੋਂ ਬਾਅਦ ਹੀ ਉਨ੍ਹਾਂ ਥਾਵਾਂ ’ਤੇ ਗਰੀਨ ਬੈਲਟ ਦਾ ਕੰਮ ਪੂਰੀ ਤਰ੍ਹਾਂ ਕੀਤਾ ਜਾ ਸਕੇਗਾ। 5.5 ਕਰੋੜ ਰੁਪਏ ਦੀ ਲਾਗਤ ਨਾਲ ਹੋ ਰਿਹਾ ਕੰਮ- ਪਟੇਲ ਚੌਂਕ ਤੋਂ ਬਿਧੀਪੁਰ ਫਾਟਕ ਤੱਕ ਬਣਾਈ ਜਾਣ ਵਾਲੀ ਗਰੀਨ ਬੈਲਟ ਦੇ ਇਸ ਪ੍ਰੋਜੈਕਟ ’ਤੇ ਕਰੀਬ 5.5 ਕਰੋੜ ਰੁਪਏ ਦੀ ਲਾਗਤ ਆ ਰਹੀ ਹੈ। ਇਹ ਰਕਮ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਖਰਚ ਕੀਤੀ ਜਾ ਰਹੀ ਹੈ। ਇੰਨੀ ਵੱਡੀ ਰਕਮ ਖਰਚ ਹੋਣ ਦੇ ਬਾਵਜੂਦ ਜੇਕਰ ਕੰਮ ਇਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਇਸ ਦੇ ਸਮੇਂ ਸਿਰ ਮੁਕੰਮਲ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਮੇਅਰ ਵਨੀਤ ਧੀਰ ਵੱਲੋਂ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਸੜਕ ਅਤੇ ਗਰੀਨ ਬੈਲਟ ਵਾਲੇ ਖੇਤਰ ਦਾ ਕਈ ਵਾਰ ਦੌਰਾ ਵੀ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਕੰਮ ਵਿਚ ਉਮੀਦ ਮੁਤਾਬਕ ਤੇਜ਼ੀ ਨਹੀਂ ਆਈ। ਹੁਣ ਮੇਅਰ ਵੱਲੋਂ ਕੰਪਨੀ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਅਫ਼ਸਰਾਂ ਨੂੰ ਤਲਬ ਕਰਕੇ ਕੰਮ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲੈਣ ਦੇ ਨਾਲ-ਨਾਲ ਦੇਰੀ ਦੇ ਕਾਰਨਾਂ ਬਾਰੇ ਵੀ ਜਵਾਬ ਮੰਗਿਆ ਜਾਵੇਗਾ। ਰਾਮਾ ਮੰਡੀ ਤੋਂ ਬੀਐਸਐਫ ਚੌਂਕ ਤੱਕ ਵੀ ਕੰਮ ਮੱਠਾ - ਇਸ ਤੋਂ ਇਲਾਵਾ ਰਾਮਾ ਮੰਡੀ ਤੋਂ ਲੈ ਕੇ ਬੀਐਸਐਫ ਚੌਂਕ ਵੱਲ ਦੀਆਂ ਸਾਈਡਾਂ ’ਤੇ ਵੀ ਗਰੀਨ ਬੈਲਟਾਂ ਵਿਕਸਿਤ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਪਰ ਇੱਥੇ ਵੀ ਕੰਮ ਦੀ ਰਫ਼ਤਾਰ ਕਾਫ਼ੀ ਹੌਲੀ ਦੱਸੀ ਜਾ ਰਹੀ ਹੈ। ਸ਼ਹਿਰ ਵਿੱਚ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਮੁੱਖ ਸੜਕਾਂ ਨੂੰ ਸੁੰਦਰ ਬਣਾਉਣ ਲਈ ਸ਼ੁਰੂ ਕੀਤੇ ਗਏ ਇਨ੍ਹਾਂ ਪ੍ਰੋਜੈਕਟਾਂ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਤਾਂ ਹੈ, ਪਰ ਕੰਮ ਦੀ ਮੱਠੀ ਰਫ਼ਤਾਰ ਕਾਰਨ ਹੁਣ ਲੋਕਾਂ ਵੱਲੋਂ ਵੀ ਸਵਾਲ ਉਠਾਏ ਜਾ ਰਹੇ ਹਨ। ਲੋਕ ਪੁੱਛ ਰਹੇ ਹਨ—ਆਖ਼ਰ ਕਦੋਂ ਪੂਰਾ ਹੋਵੇਗਾ ਕੰਮ? ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਗਰੀਨ ਬੈਲਟ ਦਾ ਕੰਮ ਸਮੇਂ ਸਿਰ ਅਤੇ ਗੁਣਵੱਤਾ ਨਾਲ ਪੂਰਾ ਕੀਤਾ ਜਾਵੇ ਤਾਂ ਇਸ ਨਾਲ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਸਗੋਂ ਵਾਤਾਵਰਣ ਨੂੰ ਵੀ ਲਾਭ ਮਿਲੇਗਾ। ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੰਮ ਦੀ ਰਫ਼ਤਾਰ ਹੌਲੀ ਰਹਿਣ ਕਾਰਨ ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਰਹੀ ਹੈ। ਲੋਕਾਂ ਦਾ ਸਿੱਧਾ ਸਵਾਲ ਹੈ ਕਿ ਆਖ਼ਰ ਇਹ ਗਰੀਨ ਬੈਲਟ ਪ੍ਰੋਜੈਕਟ ਕਦੋਂ ਮੁਕੰਮਲ ਹੋਵੇਗਾ ਅਤੇ ਇਸ ’ਤੇ ਖਰਚ ਕੀਤੀ ਜਾ ਰਹੀ ਕਰੋੜਾਂ ਰੁਪਏ ਦੀ ਰਕਮ ਦਾ ਪੂਰਾ ਲਾਭ ਸ਼ਹਿਰ ਵਾਸੀਆਂ ਨੂੰ ਕਦੋਂ ਮਿਲੇਗਾ? ਹੁਣ ਸ਼ੁੱਕਰਵਾਰ ਨੂੰ ਕੰਪਨੀ ਦੇ ਨੁਮਾਇੰਦਿਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਅਤੇ ਮੌਕੇ ਦੇ ਨਿਰੀਖਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਪ੍ਰੋਜੈਕਟ ਨੂੰ ਤੇਜ਼ ਰਫ਼ਤਾਰ ਨਾਲ ਮੁਕੰਮਲ ਕਰਨ ਲਈ ਨਗਰ ਨਿਗਮ ਵੱਲੋਂ ਕੀ ਅਗਲੇ ਕਦਮ ਚੁੱਕੇ ਜਾਂਦੇ ਹਨ।