15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵਰਿਆਣਾ ਕੂੜਾ ਸੰਭਾਲ ਪ੍ਰੋਜੈਕਟ ਨੂੰ ਲੈ ਕੇ ਨਗਰ ਨਿਗਮ ਦੀ ਸਖ਼ਤੀ- ਕੰਪਨੀ ਨੂੰ ਨੋਟਿਸ ਕੰਮ ਵਿਚ ਢਿੱਲ ਵਰਤਣ ’ਤੇ ਕਾਰਵਾਈ, ਸੁਧਾਰ ਲਈ ਕੰਪਨੀ ਨੇ ਮੰਗਿਆ ਇਕ ਹਫ਼ਤੇ ਦਾ ਸਮਾਂ

ਜਲੰਧਰ, 13 ਸਤੰਬਰ (ਸ਼ਿਵ)-ਵਰਿਆਣਾ ਡੰਪ ’ਤੇ ਕੂੜੇ ਨੂੰ ਖਤਮ ਕਰਨ ਦੇ ਕੰਮ ਵਿੱਚ ਹੋ ਰਹੀ ਦੇਰੀ ਅਤੇ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਇਆ ਹੈ। ਨਗਰ ਨਿਗਮ ਵੱਲੋਂ ਸੰਬੰਧਤ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਕੰਮ ਵਿੱਚ ਤੁਰੰਤ ਸੁਧਾਰ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅਜੀਤ ਡੈਸਕ 14-09-2026
ਜਲੰਧਰ, 13 ਸਤੰਬਰ (ਸ਼ਿਵ)-ਵਰਿਆਣਾ ਡੰਪ ’ਤੇ ਕੂੜੇ ਨੂੰ ਖਤਮ ਕਰਨ ਦੇ ਕੰਮ ਵਿੱਚ ਹੋ ਰਹੀ ਦੇਰੀ ਅਤੇ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਇਆ ਹੈ। ਨਗਰ ਨਿਗਮ ਵੱਲੋਂ ਸੰਬੰਧਤ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਕੰਮ ਵਿੱਚ ਤੁਰੰਤ ਸੁਧਾਰ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੰਪਨੀ ਨੇ ਪ੍ਰਸ਼ਾਸਨ ਤੋਂ ਇੱਕ ਹਫ਼ਤੇ ਦਾ ਸਮਾਂ ਮੰਗਦਿਆਂ ਭਰੋਸਾ ਦਿੱਤਾ ਹੈ ਕਿ ਇਸ ਦੌਰਾਨ ਕੰਮ ਦੀ ਰਫ਼ਤਾਰ ਵਿੱਚ ਕਾਫ਼ੀ ਸੁਧਾਰ ਕੀਤਾ ਜਾਵੇਗਾ। ਨਗਰ ਨਿਗਮ ਦੇ ਨਵੇਂ ਕਮਿਸ਼ਨਰ ਸੁਰਿੰਦਰ ਸਿੰਘ ਨੇ ਅਹੁਦਾ ਸੰਭਾਲਣ ਤੋਂ ਬਾਅਦ ਵਰਿਆਣਾ ਡੰਪ ਦਾ ਦੌਰਾ ਕਰਕੇ ਉੱਥੇ ਕੂੜੇ ਨੂੰ ਖਤਮ ਕਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਸੀ। ਮੌਕੇ ’ਤੇ ਕੰਮ ਦੀ ਰਫ਼ਤਾਰ ਤਸੱਲੀਬਖਸ਼ ਨਾ ਮਿਲਣ ’ਤੇ ਉਨ੍ਹਾਂ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਨਗਰ ਨਿਗਮ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ। ਵਰਿਆਣਾ ਡੰਪ ਵਿੱਚ ਪਏ ਕਰੀਬ 8 ਲੱਖ ਮੀਟ੍ਰਿਕ ਟਨ ਕੂੜੇ ਨੂੰ ਖਤਮ ਕਰਨ ਲਈ ਲਗਭਗ 34 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕੰਪਨੀ ਨੂੰ ਕੰਮ ਸੌਂਪਿਆ ਗਿਆ ਹੈ। ਹਾਲਾਂਕਿ ਕਾਫ਼ੀ ਸਮੇਂ ਤੋਂ ਇਹ ਕੰਮ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਸੀ। ਨਗਰ ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਕੰਪਨੀ ਨਿਰਧਾਰਤ ਰਫ਼ਤਾਰ ਨਾਲ ਕੰਮ ਨਹੀਂ ਕਰਦੀ ਤਾਂ ਉਸ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਨੋਟਿਸ ਵਿੱਚ ਕੰਪਨੀ ਨੂੰ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਉਹ ਆਪਣੇ ਕੰਮ ਵਿੱਚ ਸੁਧਾਰ ਕਰੇ। ਜੇਕਰ ਕਾਰਗੁਜ਼ਾਰੀ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਕੰਪਨੀ ਨੂੰ ਕੰਮ ਛੱਡਣ ਲਈ ਵੀ ਕਿਹਾ ਜਾ ਸਕਦਾ ਹੈ। ਨਗਰ ਨਿਗਮ ਵੱਲੋਂ ਜਾਰੀ ਨੋਟਿਸ ਤੋਂ ਬਾਅਦ ਕੰਪਨੀ ਅਤੇ ਸਿਹਤ ਸ਼ਾਖਾ ਨਾਲ ਜੁੜੇ ਹਲਕਿਆਂ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਕੰਪਨੀ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਹੈ ਕਿ ਉਸ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇ। ਕੰਪਨੀ ਵੱਲੋਂ ਇਸ ਸਮੇਂ ਦੌਰਾਨ ਕੰਮ ਦੀ ਰਫ਼ਤਾਰ ਵਧਾਉਣ ਅਤੇ ਪ੍ਰੋਜੈਕਟ ਵਿੱਚ ਲੋੜੀਂਦਾ ਸੁਧਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਨਗਰ ਨਿਗਮ ਵੱਲੋਂ ਦਿੱਤਾ ਗਿਆ ਇਹ ਪ੍ਰੋਜੈਕਟ ਆਪਣੇ ਨਿਰਧਾਰਤ ਸਮੇਂ ਤੋਂ ਕਾਫ਼ੀ ਪਿੱਛੇ ਚੱਲ ਰਿਹਾ ਹੈ। ਇਸ ਕੂੜੇ ਨੂੰ 2027 ਤੱਕ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਰਿਆਣਾ ਡੰਪ ਵਿੱਚ ਪਏ ਕਰੀਬ 11 ਲੱਖ ਮੀਟ੍ਰਿਕ ਟਨ ਹੋਰ ਕੂੜੇ ਨੂੰ ਖਤਮ ਕਰਨ ਲਈ ਵੀ ਨਵਾਂ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਵੀ ਚਲ ਰਹੀ ਹੈ।ਨਗਰ ਨਿਗਮ ਪ੍ਰਸ਼ਾਸਨ ਦਾ ਉਦੇਸ਼ ਵਰਿਆਣਾ ਡੰਪ ’ਤੇ ਬਣੇ ਕੂੜੇ ਦੇ ਪਹਾੜ ਨੂੰ ਜਲਦ ਤੋਂ ਜਲਦ ਖਤਮ ਕਰਨਾ ਹੈ, ਤਾਂ ਜੋ ਸ਼ਹਿਰ ਦੀ ਲੰਬੇ ਸਮੇਂ ਤੋਂ ਚੱਲ ਰਹੀ ਕੂੜਾ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਭਵਿੱਖ ਵਿੱਚ ਰੋਜ਼ਾਨਾ ਇਕੱਠੇ ਹੋਣ ਵਾਲੇ ਤਾਜ਼ੇ ਕੂੜੇ ਨੂੰ ਡੰਪ ’ਤੇ ਇਕੱਠਾ ਕਰਨ ਦੀ ਬਜਾਏ ਉਸ ਤੋਂ ਖਾਦ ਬਣਾਉਣ ਸਮੇਤ ਹੋਰ ਪ੍ਰਬੰਧ ਕਰਨ ਦੀ ਯੋਜਨਾ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।ਵਰਿਆਣਾ ਡੰਪ ’ਤੇ ਕੂੜਾ ਖਤਮ ਨਾ ਹੋਣ ਦਾ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਵਿੱਚ ਵੀ ਉਠ ਚੁੱਕਾ ਹੈ। ਵਾਤਾਵਰਨ ਪ੍ਰੇਮੀ ਤੇਜੱਸਵੀ ਮਿਨਹਾਸ ਵੱਲੋਂ ਇਸ ਸਬੰਧੀ ਕਈ ਵਾਰ ਮੁੱਦਾ ਉਠਾਇਆ ਗਿਆ ਹੈ। ਐਨਜੀਟੀ ਵੱਲੋਂ ਡੰਪ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਨਗਰ ਨਿਗਮ ’ਤੇ ਜੁਰਮਾਨਾ ਵੀ ਲਗਾਇਆ ਜਾ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜੁਰਮਾਨੇ ਦੀ ਪੂਰੀ ਰਕਮ ਅਜੇ ਤੱਕ ਅਦਾ ਨਹੀਂ ਕੀਤੀ ਗਈ। ਉਧਰ, ਨਵੇਂ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਵਰਿਆਣਾ ਡੰਪ ਦੀ ਸਮੱਸਿਆ ਨੂੰ ਲੈ ਕੇ ਕੀਤੇ ਜਾ ਰਹੇ ਸਖ਼ਤ ਕਦਮਾਂ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਆਉਂਦੇ ਦਿਨਾਂ ਵਿੱਚ ਕੂੜਾ ਖਤਮ ਕਰਨ ਦੇ ਕੰਮ ਵਿੱਚ ਤੇਜ਼ੀ ਆਵੇਗੀ। ਹਾਲਾਂਕਿ ਬਰਸਾਤਾਂ ਕਾਰਨ ਵੀ ਪਿਛਲੇ ਸਮੇਂ ਦੌਰਾਨ ਡੰਪ ’ਤੇ ਚੱਲ ਰਹੇ ਕੰਮ ਦੀ ਰਫ਼ਤਾਰ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਪਿਛਲੀ ਖ਼ਬਰ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਅੰਡਰ ਬ੍ਰਿਜਾਂ ’ਚ ਪਾਣੀ ਭਰਨ ਦੀ ਸਮੱਸਿਆ ਬਰਕਰਾਰ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰ... ਅਗਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੈਕਟਰੀ ਅਮਿਤ ਕੁਕਰੇਜਾ ਵਲੋਂ ਕਲੱਬ ਦੀਆਂ ਵੱਖ-ਵੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।