ਜਲੰਧਰ, 11 ਅਗਸਤ (ਐੱਮ.ਐੱਸ. ਲੋਹੀਆ) - ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ’ਤੇ ਦਾਣਾ ਮੰਡੀ ਚੰਡੀਗੜ੍ਹ ਵਿਖੇ ਮਹਾਂਰੈਲੀ ’ਚ ਪੰਜਾਬ ਰਾਜ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਵਲੋਂ ਵੱਡੀ ਗਿਣਤੀ ’ਚ ਪੰਜਾਬ ਭਰ ਤੋਂ ਸ਼ਮੂਲੀਅਤ ਕੀਤੀ ਅਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਦੀਪ ਸ਼ਰਮਾ, ਜਨਰਲ ਸੁਨੀਲ ਦੱਤ ਸ਼ਰਮਾ ਅਤੇ ਵਿੱਤ ਸਕੱਤਰ ਮੀਨਾਕਸ਼ੀ ਧੀਰ ਵਲੋਂ ਪੰਜਾਬ ਭਰ ’ਚੋਂ ਇਸ ਰੈਲੀ ’ਚ ਪਹੁੰਚੇ ਫਾਰਮੇਸੀ ਅਫ਼ਸਰਾਂ ਦਾ ਧੰਨਵਾਦ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਜਥੇਬੰਦੀ ਦੀ ਸੂਬਾ ਪ੍ਰੈਸ ਸਕੱਤਰ ਦੀਪਾਂਜਲੀ ਭੱਟੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਇਥੋਂ ਤਕ ਹੀ ਸੀਮਤ ਨਹੀਂ ਰਹੇਗਾ ਬਲਕਿ ਇਸ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਾਂਝੀ ਤਾਲਮੇਲ ਕਮੇਟੀ ਵੱਲੋਂ ਐਲਾਨੇ ਗਏ ਸੰਘਰਸ਼ ਦੇ ਤਹਿਤ 27 ਅਗਸਤ ਨੂੰ ਪੰਜਾਬ ਭਰ ਦੇ ਫਾਰਮੇਸੀ ਅਫ਼ਸਰ ਸਮੂਹਿਕ ਛੁੱਟੀ ਲੈ ਕੇ ਸੇਵਾਵਾਂ ਠੱਪ ਰੱਖਣਗੇ। ਇਸ ਮੌਕੇ ਰਾਜ ਕੁਮਾਰ ਕੁੱਕੜ, ਅਮਰਇੰਦਰਜੀਤ ਸਿੰਘ, ਅਮਨਦੀਪ ਸਿੰਘ, ਵਿਸ਼ਾਲ ਤਿਆਲ, ਸੁਖਮੰਦਰ ਸਿੱਧੂ, ਬਲਵਿੰਦਰ ਸਿੰਘ, ਮਲਕੀਅਤ ਸਿੰਘ ਸੂਬਾ ਕਮੇਟੀ ਮੈਂਬਰਾ ਨੇ ਵੀ ਸਾਰੇ ਫਾਰਮੇਸੀ ਅਫਸਰਾਂ ਦਾ ਧੰਨਵਾਦ ਕੀਤਾ।