‘ ਕਿਸਾਨ ਸੰਘਰਸ਼ ਕਮੇਟੀ ’ ਵਲੋਂ ਟੁੱਟੀਆਂ ਸੜਕਾਂ ਅਤੇ ਹੜ੍ਹਾਂ ਦੇ ਮੁਆਵਜੇ ਲਈ ਪਿੰਡ ਮੁਰਾਜਵਾਲਾ ’ ਚ ਵੱਡਾ ਇਕੱਠ ਕੱਲ੍ਹ - ਪ੍ਰਧਾਨ ਅਲੀਵਾਲ ਮੀਟਿੰਗ ’ਚ ਸੂਬਾ ਪ੍ਰਧਾਨ ਇੰਦਰਜੀਤ ਸਿੰਘ ‘ਕੋਟਬੁੱਢਾ’ ਵੀ ਪੁੱਜਣਗੇ
ਲੋਹੀਆਂ ਖਾਸ 8 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੱਛਲੇ 12 ਕੁ ਸਾਲਾਂ ਤੋਂ ਲੋਹੀਆਂ ਦੇ ਪੂਰੇ ਬਲਾਕ ਦੀਆਂ ਟੁੱਟੀਆਂ ਖਖੜੀਆਂ ਹੋਈਆਂ ਸੜਕਾਂ, ਕਿਸਾਨਾਂ ਨੂੰ ਹੜ੍ਹਾਂ ਦਾ ਮੁਆਵਜ਼ਾ ਨਾ ਮਿਲਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰੇਸ਼ਾਨ ਇਲਾਕੇ ਦੇ ਲੋਕਾਂ ਦੇ ਹੱਕ ਵਿੱਚ ਨਿੱਤਰੀ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਵਲੋਂ ਪਿੰਡ ਮੁਰਾਜਵਾਲਾ ’ਚ 10 ਅਗਸਤ, ਦਿਨ ਸੋਮਵਾਰ ਨੂੰ ਇਲਾਕੇ ਭਰ ਦੇ ਕਿਸਾਨਾਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ| ਜਾਣਕਾਰੀ ਦਿੰਦਿਆਂ ਇਲਾਕੇ ਦੇ ਸਰਗਰਮ ਆਗੂ ਅਤੇ ਕਮੇਟੀ ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਸਮੇਤ ਸੂਬਾ ਪੱਧਰੀ ਆਗੂ ਸੰਬੋਧਨ ਕਰਨਗੇ| ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਖ ਵੱਖ ਕਿਸਾਨਾਂ ਅਤੇ ਆਮ ਲੋਕ ਪ੍ਰੇਸ਼ਾਨ ਹਨ ਕਿ ਇਲਾਕੇ ਦੀਆਂ ਬਹੁਤੀਆਂ ਸੜਕਾਂ ਪਿੱਛਲੇ 12, 13 ਸਾਲਾਂ ਤੋਂ ਬਿੱਲਕੁਲ ਟੁੱਟੀਆਂ ਪਈਆਂ ਹਨ ਅਤੇ ਪਿੱਛਲੇ ਸਾਲ ਲੋਹੀਆਂ ਇਲਾਕੇ ’ਚ ਆਏ ਹੜ੍ਹਾਂ ਦਾ ਮੁਆਵਜਾ ਹਾਲੇ ਤੱਕ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਕਿਸਾਨ ਬਹੁਤ ਖਫ਼ਾ ਹਨ| ਉਨ੍ਹਾਂ ਇਲਾਕੇ ਭਰ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਸਮੇਤ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁੰਮ ਹੁੰਮਾ ਕੇ ਪੁੱਜਣ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਲਾਮਬੰਧ ਹੋਣ| ਇਸ ਮੌਕੇ ਉਨ੍ਹਾਂ ਨਾਲ ਰਣਚੇਤ ਸਿੰਘ ਕੋਟਲੀ ਪ੍ਰਧਾਨ ਸ਼ਾਹਕੋਟ, ਜਥੇਦਾਰ ਤੀਰਥ ਸਿੰਘ ਮੰਡ, ਗੁਰਵਿੰਦਰ ਸਿੰਘ ਬਾਦਸ਼ਾਹਪੁਰ, ਸੁਰਿੰਦਰ ਸਿੰਘ ਇਕਾਈ ਪ੍ਰਧਾਨ ਮੁੰਡੀ ਚੋਹਲੀਆਂ ਸਾਧੂ ਸਿੰਘ ਮੁਰਾਜਵਾਲਾ, ਹਰਬੰਸ ਸਿੰਘ ਮੰਗੂਵਾਲ, ਨੰਬਰਦਾਰ ਸੁਰਜੀਤ ਸਿੰਘ ਖੋਸਾ, ਗੁਰਮੇਜ ਸਿੰਘ ਮਲਸੀਆਂ, ਤਰਸੇਮ ਸਿੰਘ ਅਲੀਵਾਲ, ਨਿਰਮਲ ਸਿੰਘ ਨਵਾਂ ਪਿੰਡ ਦੋਨੇਵਾਲ ਵੀ ਹਾਜਰ ਸਨ|