06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਜੀਤ, ਜਲੰਧਰ ਜ਼ਿਲ੍ਹੇ ਦੀਆਂ 4,76,841 ਔਰਤਾਂ ਦੇ ਖਾਤਿਆਂ ’ ਚ ‘ ਮਾਵਾਂ - ਧੀਆਂ ਸਤਿਕਾਰ ’ ਯੋਜਨਾ ਦੀ ਹੋਈ ਟੂੰ - ਟੂੰ , ਰਜਿਸਟ੍ਰੇਸ਼ਨ 5 ਲੱਖ ਤੋਂ ਟੱਪੀ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਲਈ ਫਿਲੌਰ ਹਲਕਾ ਸਭ ਤੋਂ ਮੋਹਰੀ 5 ਅਗਸਤ ਤੱਕ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵਿਧਾਨ ਸਭਾ ਹਲਕਾਵਾਰ ਹੋਈ ਰਜਿਸਟ੍ਰੇਸ਼ਨ

ਜਲੰਧਰ, 6 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮਾਵਾਂ ਧੀਆਂ ਸਤਿਕਾਰ’ ਯੋਜਨਾ ਤਹਿਤ ਲੰਘੇ ਦਿਨੀਂ ਜ਼ਿਲ੍ਹੇ ਦੀਆਂ ਕਰੀਬ 4,76,841 ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ ’ਚ ‘ਟੂੰ-ਟੂੰ’ ਹੋ ਗਈ। ਸਰਕਾਰ ਵਲੋਂ ਜ਼ਿਲ੍ਹੇ ’ਚ ਲਾਭਪਾਤਰੀਆਂ ਨੂੰ 174 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਜਾਰੀ ਕੀਤੀ ਗਈ।

ਅਜੀਤ ਡੈਸਕ 07-08-2026
ਜਲੰਧਰ, 6 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮਾਵਾਂ ਧੀਆਂ ਸਤਿਕਾਰ’ ਯੋਜਨਾ ਤਹਿਤ ਲੰਘੇ ਦਿਨੀਂ ਜ਼ਿਲ੍ਹੇ ਦੀਆਂ ਕਰੀਬ 4,76,841 ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ ’ਚ ‘ਟੂੰ-ਟੂੰ’ ਹੋ ਗਈ। ਸਰਕਾਰ ਵਲੋਂ ਜ਼ਿਲ੍ਹੇ ’ਚ ਲਾਭਪਾਤਰੀਆਂ ਨੂੰ 174 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਜਾਰੀ ਕੀਤੀ ਗਈ। ਓਧਰ ਯੋਜਨਾ ਵਾਸਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਔਰਤਾਂ ਵਿੱਚ ਹਾਲੇ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਜ਼ਿਲ੍ਹੇ ’ਚ 5, 21,185 ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਜੇਕਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਉਕਤ ਯੋਜਨਾ ਦਾ ਲਾਭ ਲੈਣ ਬਾਰੇ ਔਰਤਾਂ ’ਚ ਪਾਏ ਜਾ ਰਹੇ ਉਤਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਫਿਲੌਰ ਹਲਕਾ ਸਭ ਤੋਂ ਮੋਹਰੀ ਹੈ, ਜਿੱਥੇ 5 ਅਗਸਤ ਤੱਕ 69,009 ਔਰਤਾਂ ਰਜਿਸਟਰ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਸਰਕਾਰ ਵਲੋਂ ਯੋਜਨਾ ਦੀ ਜਾਰੀ ਕੀਤੀ ਗਈ ਪਹਿਲੀ ਕਿਸ਼ਤ ਦੌਰਾਨ ਤਿੰਨ ਮਹੀਨਿਆਂ ਦੀ ਰਾਸ਼ੀ ਪਾਈ ਗਈ ਸੀ, ਜਿਸ ਦਾ ਜ਼ਿਲ੍ਹੇ ਦੀਆਂ 2,34,701 ਔਰਤਾਂ ਨੂੰ ਲਾਭ ਮਿਲਿਆ ਸੀ ਅਤੇ ਉਨ੍ਹਾਂ ਦੇ ਖਾਤਿਆਂ ’ਚ ਕੁੱਲ 88 ਕਰੋੜ ਤੋਂ ਵੱਧ ਰਾਸ਼ੀ ਆਈ ਸੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿੱਤੀਆਂ ਗਈਆਂ 10 ਗਾਰੰਟੀਆਂ ਵਿੱਚ ਇਹ ਯੋਜਨਾ ਵੀ ਸ਼ਾਮਲ ਸੀ, ਜਿਸ ਦੀ ਸੂਬੇ ਦੀਆਂ ਔਰਤਾਂ ਲੰਮੇਂ ਤੋਂ ਉਡੀਕ ਕਰ ਰਹੀਆਂ ਸਨ। ਇਸ ਯੋਜਨਾ ਤਹਿਤ ਜਨਰਲ ਵਰਗ ਦੀ ਲਾਭਪਾਤਰੀ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਅਤੇ ਐੱਸ. ਸੀ. ਵਰਗ ਦੀ ਲਾਭਪਾਤਰੀ ਨੂੰ 1500 ਰੁਪਏ ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਲਬਹਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਅੰਦਰ ਇਸ ਯੋਜਨਾ ਦੀ ਰਜਿਸਟ੍ਰੇਸ਼ਨ ਹਾਲੇ ਵੀ ਜਾਰੀ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ 6 ਲੱਖ ਤੋਂ ਵੱਧ ਸਕਦੀ ਹੈ। ਇਸ ਲਈ ਸਬ-ਡਵੀਜ਼ਨਲ ਪੱਧਰ ’ਤੇ ਵਿਸ਼ੇਸ਼ ਕੈਂਪ ਵੀ ਲਾਏ ਜਾ ਰਹੇ ਹਨ। ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਜਿੱਥੇ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਲਾਭ ਮਿਲ ਰਿਹਾ ਹੈ, ਉਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਇਸ ਤੋਂ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਕਿਉਂਕਿ ਅਗਲੇ 3-4 ਮਹੀਨਿਆਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦਾ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਆਦਮਪੁਰ ਤੋਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਕਿਸੇ ਸਰਕਾਰ ਨੇ ਖਜ਼ਾਨੇ ਦਾ ਮੂੰਹ ਲੋੜਵੰਦ ਤੇ ਆਮ ਲੋਕਾਂ ਵੱਲ ਕੀਤਾ ਹੈ। ਨਹੀਂ ਤਾਂ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਵੱਡੇ-ਵੱਡੇ ਧੰਨਾਢਾਂ ਨੂੰ ਹੀ ਰਿਆਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਆਮ ਲੋਕਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਹੋ ਰਹੀਆਂ ਹਨ ਅਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ।
ਪਿਛਲੀ ਖ਼ਬਰ ਕਰੋੜਾਂ ਰੁਪਏ ਟੋਲ ਦੇਣ ਦੇ ਬਾਵਜੂਦ ਬਰਸਾਤ ਦੇ ਪਾਣੀ ਕਾਰਨ ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ ਥਾਂ ਥਾਂ ਤੋਂ ਟੁੱਟੀਆਂ ਜਲੰਧਰ-... ਅਗਲੀ ਖ਼ਬਰ ਕਲਸ਼ ਯਾਤਰਾ ਦਾ ਜਲੰਧਰ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।