ਸ਼ਾਹਕੋਟ, 29 ਜੁਲਾਈ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਖੁਰਦ ਵਿਖੇ ਚੋਰਾਂ ਨੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਬਾਜਵਾ ਖੁਰਦ (ਸ਼ਾਹਕੋਟ) ਨੇ ਦੱਸਿਆ ਕਿ ਉਹ ਬਾਜਵਾ ਕਲਾਂ ਵਿਖੇ ਇਕ ਫੋਟੋ ਸਟੂਡੀਓ ਚਲਾਉਂਦੇ ਹਨ। ਉਹ ਆਪਣੇ ਪਰਿਵਾਰ ਸਮੇਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਗਏ ਸਨ। ਇਸ ਦੌਰਾਨ ਰਾਤ ਸਮੇਂ ਚੋਰ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ, ਜਿੰਨ੍ਹਾਂ ਘਰ ਦੇ ਕਮਰਿਆਂ ਦੇ ਤਾਲੇ ਤੋੜ ਕੇ ਪੂਰੇ ਘਰ ਸਮੇਤ ਅਲਮਾਰੀਆਂ, ਬੈੱਡ, ਪੇਟੀਆਂ ਆਦਿ ਦੀ ਫਰੌਲਾ-ਫਰਾਲੀ ਕੀਤੀ ਅਤੇ ਘਰ ’ਚੋਂ ਕਰੀਬ 5 ਲੱਖ ਰੁਪਏ ਕੀਮਤ ਦੇ ਮਹਿੰਗੇ ਕੈਮਰੇ, ਉਨ੍ਹਾਂ ਨਾਲ ਸਬੰਧਤ ਅਸੈਸਰੀਜ਼, ਕਰੀਬ ਤਿੰਨ ਤੋਲੇ ਸੋਨੇ ਦੇ ਗਹਿਣੇ, 15-20 ਹਜ਼ਾਰ ਰੁਪਏ ਦੀ ਨਗਦੀ, ਇਨਵਰਟਰ ਸੈੱਟ, ਕੀਮਤੀ ਕੱਪੜੇ ਅਤੇ ਘਰੇਲੂ ਵਰਤੋਂ ਦਾ ਹੋਰ ਬਹੁਤ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਚੋਰੀ ਹੋਏ ਸਮਾਨ ਦੀ ਕੀਮਤ ਲਗਭਗ 11 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਮਨਜੀਤ ਸਿੰਘ ਅਤੇ ਭਤੀਜੇ ਸੁਖਵਿੰਦਰ ਸਿੰਘ ਨੇ ਘਰ ਦੇ ਮੁੱਖ ਗੇਟ ਦਾ ਤਾਲਾ ਟੁੱਟਾ ਦੇਖ ਅੰਦਰ ਜਾ ਕੇ ਵੇਖਿਆ ਤਾਂ ਕਮਰਿਆਂ ਨੂੰ ਲੱਗੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਨੇ ਤੁਰੰਤ ਫੋਨ ਰਾਹੀਂ ਮੈਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਵੀ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ’ਤੇ ਸ਼ਾਹਕੋਟ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਤੁਰੰਤ ਐਫ਼.ਆਈ.ਆਰ. ਦਰਜ ਕਰਕੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਇਆ ਸਮਾਨ ਬਰਾਮਦ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।