04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੌਰਾਨ ਸ਼ਹਿਰ ’ਚ ਰਿਹਾ ਛੁੱਟੀ ਵਰਗਾ ਮਾਹੌਲ

ਅਜੀਤ ਡੈਸਕ 18-07-2026
ਜਲੰਧਰ, 17 ਜੁਲਾਈ (ਜਤਿੰਦਰ ਪੰਮੀ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਮਹਾਨਗਰ ’ਚ ਸਾਰਾ ਦਿਨ ਛੁੱਟੀ ਵਰਗਾ ਮਾਹੌਲ ਰਿਹਾ। ਪ੍ਰਧਾਨ ਮੰਤਰੀ ਦੀ ਆਮਦ ਨੂੰ ਦੇਖਦੇ ਹੋਏ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਅੰਦਰੂਨੀ ਸ਼ਹਿਰ ਤੇ ਬਾਹਰਲੇ ਸ਼ਹਿਰ ਤੋਂ ਆਉਣ ਵਾਲੀ ਆਵਾਜਾਈ ਬਦਲਵੇਂ ਰਸਤਿਆਂ ਰਾਹੀਂ ਕੱਢਣ ਕਾਰਨ ਲੋਕਾਂ ਨੇ ਬਾਜ਼ਾਰਾਂ ’ਚ ਜਾਣ ਦੀ ਬਜਾਏ ਘਰਾਂ ’ਚ ਹੀ ਰਹਿਣਾ ਠੀਕ ਸਮਝਿਆ। ਇਸ ਕਾਰਨ ਬਾਜ਼ਾਰਾਂ ’ਚ ਦੁਕਾਨਾਂ ਤਾਂ ਖੁੱਲ੍ਹੀਆਂ ਪਰ ਗਾਹਕ ਨਾ ਆਉਣ ਕਾਰਨ ਸਾਰਾ ਦਿਨ ਬੇਰੌਣਕੀ ਛਾਈ ਰਹੀ। ਦੁਕਾਨਾਂ ਖੋਲ੍ਹ ਕੇ ਬੈਠੇ ਦੁਕਾਨਦਾਰ ਤੇ ਉਨ੍ਹਾਂ ਦੇ ਕਰਿੰਦੇ ਉਨ੍ਹਾਂ ਬਾਜ਼ਾਰਾਂ ’ਚ ਗਾਹਕਾਂ ਦੀ ਉਡੀਕ ਕਰਦੇ ਦੇਖੇ ਗਏ ਜਿਨ੍ਹਾਂ ਵਿਚੋਂ ਆਮ ਦਿਨਾਂ ਦੌਰਾਨ ਲੰਘਣਾ ਕਾਫੀ ਮੁਸ਼ਕਲ ਹੁੰਦਾ ਹੈ। ਇਸੇ ਤਰ੍ਹਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ’ਚ ਡਿਊਟੀ ਲੱਗੀ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਮੇਤ ਸ਼ਹਿਰ ਦੇ ਸਾਰੇ ਸਰਕਾਰੀ ਦਫ਼ਤਰਾਂ ਵੀ ਬੇਰੌਣਕੀ ਛਾਈ ਰਹੀ। ਲੋਕਾਂ ਨੂੰ ਅਫਸਰਾਂ ਤੇ ਮੁਲਾਜ਼ਮਾਂ ਦੇ ਵੀ. ਵੀ. ਆਈ. ਪੀ. ਡਿਊਟੀ ਦੇ ਰੁਝੇਵੇਂ ਬਾਰੇ ਜਾਣਕਾਰੀ ਹੋਣ ਕਰਕੇ ਸਰਕਾਰੀ ਕੰਮਕਾਜ ਲਈ ਨਾ ਆਉਣਾ ਹੀ ਮੁਨਾਸਿਬ ਸਮਝਿਆ। ਦੱਸਣਯੋਗ ਹੈ ਕਿ ਬੀਤੇ ਦੋ ਦਿਨਾਂ ਤੋਂ ਸਰਕਾਰੀ ਅਮਲੇ ਦੇ ਰੁਝੇਵੇਂ ਕਾਰਨ ਪਹਿਲਾਂ ਹੀ ਲੋਕਾਂ ਦੀ ਆਮਦ ਘੱਟ ਰਹੀ ਸੀ। ਅਗਲੇ ਦੋ ਦਿਨ ਸਰਕਾਰੀ ਛੁੱਟੀ ਹੋਣ ਕਰਕੇ ਸਰਕਾਰੀ ਦਫਤਰਾਂ ’ਚ ਸਟਾਫ ਸੋਮਵਾਰ ਨੂੰ ਹੀ ਬੈਠੇਗਾ ਤੇ ਲੋਕਾਂ ਦੇ ਕੰਮ ਵੀ ਉਦੋਂ ਹੀ ਹੋਣਗੇ।

ਮਹਾਨਗਰ ’ਚ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਮਹਾਨਗਰ ਦੇ ਅੰਦਰੂਨੀ ਤੇ ਬਾਹਰੀ ਹਿੱਸਿਆਂ ’ਚ ਸੁਰੱਖਿਆ ਫੋਰਸਾਂ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੇ ਮੁੱਖ ਦਾਖਲੇ ਬੀ. ਐੱਸ. ਐੱਫ. ਚੌਕ ’ਚ ਲਾਏ ਗਏ ਨਾਕੇ ਤੋਂ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਗਿਆ। ਇੱਥੋਂ ਤੱਕ ਕਿ ਗੈਰ-ਡਿਊਟੀ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਨਾਕੇ ਤੋਂ ਲੰਘਣ ਦੀ ਆਗਿਆ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਦੇ ਠਹਿਰਾਅ ਦੌਰਾਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਸਨ ਜੋ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਖੋਲ੍ਹੇ ਗਏ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ’ਚ ਵੀ ਪੁਲਿਸ ਦੀ ਐਮਰਜੈਂਸੀ ਰਿਸਪਾਂਸ ਸਿਸਟਮ ਵਾਲੀਆਂ ਗੱਡੀਆਂ (ਈ. ਆਰ. ਐੱਸ.) ਥਾਂ-ਥਾਂ ਤਾਇਨਾਤ ਰਹੀਆਂ।
ਪਿਛਲੀ ਖ਼ਬਰ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼, 257.32 ਕਰੋੜ ਦੀ ਲਾਗਤ ਵਾਲਾ ਵਿਸਤ੍ਰਿਤ ਅਨੁਮਾਨ ਕੇਂ... ਅਗਲੀ ਖ਼ਬਰ ਬੀ. ਡੀ. ਪੀ. ਓ. ਦਫ਼ਤਰ ਵਲੋਂ ਬਿੱਲ ਦੀ ਅਦਾਇਗੀ ਨਾ ਹੋਣ ’ਤੇ ਬਿਜਲੀ ਸਪਲਾਈ ਰਹੀ ਠੱਪ, ਕਈ ਦਫ਼ਤਰੀ ਕਾਰਜ ਹੋਏ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।