15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਿਵਲ ਹਸਪਤਾਲ ਦੀਆਂ ਵੱਢੀਆਂ ਤਾਰਾਂ ਨਹੀਂ ਹੋਈਆਂ ਠੀਕ, ਪ੍ਰਸ਼ਾਸਨ ਨੇ ਜੁਗਾੜ ਨਾਲ ਚਲਾਈ ਬਿਜਲੀ ਸਪਲਾਈ

ਅਜੀਤ ਡੈਸਕ 16-07-2026
ਜਲੰਧਰ, 15 ਜੁਲਾਈ (ਜਤਿੰਦਰ ਪੰਮੀ)–ਸਿਵਲ ਹਸਪਤਾਲ ’ਚ ਸੀਵਰੇਜ ਪਾਈਪਲਾਈਨ ਪਾਉਣ ਦੇ ਕੰਮ ਦੌਰਾਨ ਵੱਢੀਆਂ ਗਈਆਂ ਬਿਜਲੀ ਤੇ ਜੈਨਰੇਟਰ ਦੀ ਸਪਲਾਈ ਦੀਆਂ ਤਾਰਾਂ ਤੀਜੇ ਦਿਨ ਵੀ ਠੀਕ ਨਹੀਂ ਹੋਈਆਂ, ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਜੁਗਾੜ ਲਾ ਕੇ ਫਿਲਹਾਲ ਬਿਜਲੀ ਦੀ ਸਪਲਾਈ ਬਹਾਲ ਕਰ ਲਈ। ਦੱਸਣਯੋਗ ਹੈ ਕਿ ਪਾਈਪਲਾਈਨ ਪਾਉਣ ਦਾ ਕੰਮ ਕਰਨ ਵਾਲੇ ਠੇਕੇਦਾਰ ਦੇ ਕਰਿੰਦਿਆਂ ਦੀ ਅਣਗਹਿਲੀ ਕਾਰਨ ਸਿਵਲ ਹਸਪਤਾਲ ਦੀ ਬਿਜਲੀ ਸਪਲਾਈ ਦੀਆਂ ਅੰਡਰਗਰਾਊਂਡ ਤਾਰਾਂ ਜੇ. ਸੀ. ਬੀ. ਮਸ਼ੀਨ ਨਾਲ ਵੱਢੀਆਂ ਗਈਆਂ ਸਨ। ਇਸਦੇ ਨਾਲ ਹੀ ਹਸਪਤਾਲ ’ਚ ਲੱਗੇ ਜੈਨਰੇਟਰਾਂ ਦੀ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ ਸਨ, ਜਿਸ ਨਾਲ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ, ਓ. ਪੀ. ਡੀ. ਪਰਚੀ ਕਾਊਂਟਰ ਅਤੇ ਇਥੋਂ ਤੱਕ ਮੈਡੀਕਲ ਸੁਪਰਡੈਂਟ ਦੇ ਆਪਣੇ ਦਫ਼ਤਰ ਦੀ ਬਿਜਲੀ ਸਪਲਾਈ ਵੀ ਦੋ ਦਿਨ ਤੱਕ ਬੰਦ ਰਹਿਣ ਨਾਲ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ। ਗਰਮੀ ਤੇ ਹੁੰਮਸ ਕਾਰਨ ਮਰੀਜ਼ਾਂ ਦਾ ਬੁਰਾ ਹਾਲ ਹੋਇਆ ਪਿਆ ਸੀ ਅਤੇ ਓ. ਪੀ. ਡੀ. ਲਈ ਆਉਣ ਵਾਲੇ ਮਰੀਜ਼ਾਂ ਨੂੰ ਪਰਚੀ ਕਾਊਂਟਰ ਲੱਭਣ ਲਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਮੰਗਲਵਾਰ ਨੂੰ ਹਸਪਤਾਲ ਪ੍ਰਸ਼ਾਸਨ ਨੂੰ ਐਮਰਜੈਂਸੀ ਵਾਰਡ ਵਿਚੋਂ ਮਰੀਜ਼ ਚੁੱਕ ਕੇ ਟਰੌਮਾ ਸੈਂਟਰ ’ਚ ਤਬਦੀਲ ਕਰਨੇ ਪਏ ਸਨ। ਬੁੱਧਵਾਰ ਨੂੰ ਹਸਪਤਾਲ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਹੀ ਬਿਜਲੀ ਦੀ ਤਾਰ ਮੰਗਵਾ ਕੇ ਆਰਜ਼ੀ ਤੌਰ ’ਤੇ ਹਸਪਤਾਲ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ, ਜਿਸ ਨਾਲ ਮਰੀਜ਼ਾਂ ਤੇ ਉਥੇ ਤਾਇਨਾਤ ਸਟਾਫ ਨੇ ਸੁੱਖ ਦਾ ਸਾਹ ਲਿਆ। ਓਧਰ ਪੀ. ਡਬਲਿਊ. ਡੀ. ਤੇ ਪਾਵਰਕਾਮ ਨੂੰ ਬਿਜਲੀ ਸਪਲਾਈ ਠੱਪ ਹੋਣ ਦੀ ਸ਼ਿਕਾਇਤ ਦੇਣ ਬਾਵਜੂਦ ਦੋਵਾਂ ਵਿਭਾਗਾਂ ਵਿਚੋਂ ਤੀਜੇ ਦਿਨ ਵੀ ਕਿਸੇ ਨੇ ਨੁਕਸ ਠੀਕ ਕਰਨ ਦਾ ਹੀਲਾ ਨਹੀਂ ਕੀਤਾ। ਇਸ ਸੰਬੰਧੀ ਸੰਪਰਕ ਕਰਨ ’ਤੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਦੱਸਿਆ ਕਿ ਬਿਜਲੀ ਸਪਲਾਈ ਦੀਆਂ ਤਾਰਾਂ ਵੱਢੇ ਜਾਣ ਵਾਲੇ ਦੋਵਾਂ ਸੰਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਸੀ ਪਰ ਹਾਲੇ ਠੀਕ ਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਫੰਡ ’ਚੋਂ ਰਾਸ਼ੀ ਕੱਢਵਾ ਕੇ ਬਿਜਲੀ ਤਾਰ ਮੰਗਵਾ ਕੇ ਆਰਜ਼ੀ ਤੌਰ ’ਤੇ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਗਈ ਹੈ।
ਪਿਛਲੀ ਖ਼ਬਰ ਸਿਹਤ ਵਿਭਾਗ ’ਚ ਠੇਕੇ ’ਤੇ ਕੰਮ ਕਰਦੀਆਂ ਐੱਮ. ਪੀ. ਐੱਚ. ਡਬਲਿਊ. ਨੇ ਸਿਵਲ ਸਰਜਨ ਦਫ਼ਤਰ ਬਾਹਰ ਦਿੱਤਾ ਧਰਨਾ ਅਗਲੀ ਖ਼ਬਰ ਬਸਤੀ ਪੀਰਦਾਦ ਰੋਡ ’ਤੇ ਨਿਗਮ ਵਲੋਂ ਨਾਜਾਇਜ਼ 8 ਦੁਕਾਨਾਂ ਸੀਲ ਮੁੱਖ ਚੌਕਸੀ ਅਫ਼ਸਰ ਵਲੋਂ ਵੀ ਦੇਖਿਆ ਗਿਆ ਸੀ ਦੁਕਾਨਾਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।