04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਓਵਰਟੇਕ ਕਰ ਰਹੀ ਕਾਰ ਨੂੰ ਬਚਾਉਂਦਿਆਂ ਐੱਲ.ਪੀ.ਜੀ ਗੈਸ ਨਾਲ ਭਰਿਆ ਟੈਂਕਰ ਪਲਟਿਆ

ਅਜੀਤ ਡੈਸਕ 15-07-2026
ਸ਼ਾਹਕੋਟ, 14 ਜੁਲਾਈ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ) ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇਅ ’ਤੇ ਸਤਲੁਜ ਦਰਿਆ ਦੇ ਪੁਲ ’ਤੇ ਗਲਤ ਢੰਗ ਨਾਲ ਓਵਰਟੇਕ ਕਰ ਰਹੀ ਕਾਰ ਨੂੰ ਬਚਾਉਂਦਿਆਂ ਐੱਲ.ਪੀ.ਜੀ ਗੈਸ ਨਾਲ ਭਰਿਆ ਟੈਂਕਰ ਪਲਟ ਗਿਆ। ਇਸ ਹਾਦਸੇ ਵਿਚ ਟੈਂਕਰ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐੱਲ.ਪੀ.ਜੀ ਗੈਸ ਨਾਲ ਭਰਿਆ ਟੈਂਕਰ, ਜੋ ਬਠਿੰਡਾ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ। ਇਸ ਟੈਂਕਰ ਨੂੰ ਬਲਰਾਜ ਪੁੱਤਰ ਗੁਰਦੀਪ ਸਿੰਘ ਵਾਸੀ ਜਗਰਾਓਂ ਚਲਾ ਰਿਹਾ ਸੀ। ਜਦ ਇਹ ਟੈਂਕਰ ਬਾਅਦ ਦੁਪਹਿਰ ਸ਼ਾਹਕੋਟ ਨੇੜੇ ਵਹਿੰਦੇ ਸਤਲੁਜ ਦਰਿਆ ਦੇ ਪੁਲ ’ਤੇ ਪਹੁੰਚਿਆ ਤਾਂ ਟੈਂਕਰ ਦੇ ਨੇੜਿਓਂ ਗਲਤ ਢੰਗ ਨਾਲ ਓਵਰਟੇਕ ਕਰ ਰਹੀ ਕਾਰ ਨੂੰ ਬਚਾਉਂਦਿਆਂ ਡਰਾਈਵਰ ਵਲੋਂ ਇੱਕੋਦਮ ਬਰੇਕ ਲਗਾਈ ਗਈ ਤੇ ਬਰੇਕ ਲਗਾਉਣ ਕਾਰਨ ਟੈਂਕਰ ਦਾ ਸੰਤਲੁਨ ਵਿਗੜ ਗਿਆ ਤੇ ਉਹ ਪੁਲ ’ਤੇ ਪਲਟ ਗਿਆ। ਵਾਪਰੇ ਹਾਦਸੇ ਨਾਲ ਟੈਂਕਰ ਦਾ ਕੈਬਿਨ ਪੁਲ ਦੇ ਹੇਠਾਂ ਲਟਕ ਗਿਆ। ਟੈਂਕਰ ਦਾ ਡਰਾਈਵਰ ਬੜ੍ਹੀ ਬਹਾਦਰੀ ਤੇ ਸੂਝ-ਬੂਝ ਨਾਲ ਲਟਕਦੇ ਕੈਬਿਨ ’ਚ ਸੰਭਲ ਕੇ ਬੈਠਾ ਰਿਹਾ ਤੇ ਹੌਲੀ-ਹੌਲੀ ਜੱਦੋ-ਜਹਿਦ ਕਰਦਿਆਂ ਉੱਪਰ ਵੱਲ ਨਿਕਲਿਆ, ਜਿਥੋਂ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ। ਹਾਦਸੇ ’ਚ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ। ਵਾਪਰੇ ਹਾਦਸੇ ਦਾ ਪਤਾ ਲੱਗਣ ’ਤੇ 112 ਗੱਡੀ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਹਾਦਸੇ ਤੋਂ ਬਾਅਦ ਹਾਈਵੇਅ ਦਾ ਇਕ ਪਾਸਾ ਬੰਦ ਹੋਣ ਕਾਰਨ ਕਾਫ਼ੀ ਸਮਾਂ ਟ੍ਰੈਫ਼ਿਕ ਜਾਮ ਲੱਗਾ ਰਿਹਾ। ਬਾਅਦ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਹਾਈਵੇਅ ਦੇ ਦੂਸਰੇ ਪਾਸੇ ਰਾਹੀਂ ਆਵਾਜਾਈ ਚਲਾਈ ਗਈ, ਜਿਸ ਨਾਲ ਟ੍ਰੈਫ਼ਿਕ ਜਾਮ ਖੁੱਲ੍ਹ ਗਿਆ। ਟੈਂਕਰ ਐੱਲ.ਪੀ.ਜੀ ਗੈੱਸ ਨਾਲ ਭਰਿਆ ਹੋਣ ਨਾਲ ਪ੍ਰਸ਼ਾਸਨ ਵਲੋਂ ਫਾਇਰਬ੍ਰਿਗੇਡ ਦੀ ਗੱਡੀ ਵੀ ਭੇਜੀ ਗਈ। ਟੈਂਕਰ ਨੂੰ ਸੜਕ ਤੋਂ ਹਟਾਉਣ ਲਈ ਤਿੰਨ ਕਰੇਨਾਂ ਮੌਕੇ ’ਤੇ ਪਹੁੰਚ ਚੁੱਕੀਆਂ ਸਨ ਤੇ ਜਲੰਧਰ ਤੋਂ ਹੋਰ ਵੀ ਕਰੇਨਾਂ ਮੰਗਵਾਈਆਂ ਜਾ ਰਹੀਆਂ ਹਨ। ਸ਼ਾਮ ਸਮੇਂ ਐੱਸ.ਐੱਚ.ਓ ਸ਼ਾਹਕੋਟ ਇੰਸਪੈਕਟਰ ਅਮਨ ਸੈਣੀ ਵੀ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿਨ੍ਹਾਂ ਵਲੋਂ ਵਾਪਰੇ ਸੜਕ ਹਾਦਸੇ ਦੀ ਜਾਂਚ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਟੈਂਕਰ ਪੁਲ ’ਤੇ ਹੀ ਪਿਆ ਸੀ।
ਪਿਛਲੀ ਖ਼ਬਰ ਲੋਹੀਆਂ ਦੇ ਸਮੂਹ ਕੌਂਸਲਰ ‘ਸਫ਼ਾਈ ਸੇਵਕਾਂ’ ਨਾਲ ‘ਸਫ਼ਾਈ ਤੋਂ ਖੁਦਾਈ’ ਤੱਕ ਸਹਿਯੋਗ ਕਰਨ - ਮੀਤ ਪ੍ਰਧਾਨ ਟਿੱਡੂ ਅਗਲੀ ਖ਼ਬਰ ਸੁਰੱਖਿਆ ਦੇ ਮੱਦੇਨਜ਼ਰ ਬਿਲਗਾ ਪੁਲਿਸ ਐਕਸ਼ਨ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।