05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਰਸਾਤਾਂ ਕਾਰਨ ਕਈ ਜਗ੍ਹਾ ਪਾਣੀ ਖੜ੍ਹਾ ਹੋਣ ਨਾਲ ਵਧਿਆ ਡੇਂਗੂ ਦਾ ਖ਼ਤਰਾ

ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਸ਼ਿਵ)- ਹੁਣ ਜਦੋਂ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਉੱਥੇ ਮੱਛਰ, ਮੱਖੀਆਂ ਪੈਦਾ ਹੋ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਬਰਸਾਤਾਂ ਨੂੰ ਦੇਖਦੇ ਹੋਏ ਨਿਗਮ ਪ੍ਰਸ਼ਾਸਨ ਨੂੰ ਫੌਗਿੰਗ ਕਰਵਾਉਣ ਦਾ ਕੰਮ ਸ਼ੁਰੂ ਕਰਵਾਉਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਗਰੀਨ ਬੈਲਟਾਂ ’ਤੇ ਪਾਣੀ ਖੜ੍ਹਾ ਹੈ, ਉਸ ਦੀ ਸਫ਼ਾਈ ਕਰਵਾਉਣੀ ਚਾਹੀਦੀ ਹੈ ਕਿਉਂਕਿ ਉੱਥੇ ਮੱਛਰਾਂ ਦਾ ਲਾਰਵਾ ਬਣ ਰਿਹਾ ਹੈ। ਕਾਂਗਰਸੀ ਆਗੂ ਸੁਦੇਸ਼ ਵਿਜ ਨੇ ਕਈ ਥਾਵਾਂ ’ਤੇ ਪੈਦਾ ਹੋ ਰਹੇ ਮੱਛਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਸਮੇਂ ਰਹਿੰਦੇ ਸਫ਼ਾਈ ਨਾ ਕਰਵਾਈ ਗਈ ਤਾਂ ਇਹ ਥਾਂ ਡੇਂਗੂ ਫੈਲਾਉਣ ਦਾ ਕਾਰਨ ਬਣ ਸਕਦੀ ਹੈ। ਉਨਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਅਤੇ ਡੀ.ਸੀ. ਦੀ ਰਿਹਾਇਸ਼ ਤੋਂ ਸਿਰਫ਼ 100 ਮੀਟਰ ਦੂਰ ’ਤੇ ਸੁੰਦਰੀਕਰਨ ਵਾਲੀ ਜਗਾ ’ਤੇ ਗੰਦੇ ਪਾਣੀ ਵਿਚ ਮੱਛਰਾਂ ਦਾ ਲਾਰਵਾ ਪੈਦਾ ਹੋ ਰਿਹਾ ਹੈ। ਇਸ ਤਰਾਂ ਦੀਆਂ ਥਾਵਾਂ ’ਤੇ ਪਹਿਚਾਣ ਕਰਕੇ ਇਨ੍ਹਾਂ ਦੀ ਸਫ਼ਾਈ ਅਤੇ ਫੌਗਿੰਗ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਜਿਸ ਥਾਂ ਦਾ ਸੁੰਦਰੀਕਰਨ ਕਰਵਾਉਂਦਾ ਹੈ, ਉਸ ਦੀ ਨਿਯਮਿਤ ਦੇਖਭਾਲ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੀ ਹੋਣੀ ਚਾਹੀਦੀ ਹੈ। ਸੁਦੇਸ਼ ਵਿਜ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਉਸ ਨੂੰ ਹੁਣ ਤੋਂ ਹੀ ਚੌਕਸ ਹੋ ਜਾਣਾ ਚਾਹੀਦਾ ਹੈ।
ਸ਼ਹਿਰ ਵਿਚ ਤੁਰੰਤ ਕਰਵਾਈ ਜਾਵੇ ਫੌਗਿੰਗ-ਰਵੀਸ਼ ਰਾਜ
ਪੰਜਾਬ ਬ੍ਰਾਹਮਣ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਰਵੀਸ਼ ਰਾਜ ਸ਼ਰਮਾ ਨੇ ਜਲੰਧਰ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮਾਨਸੂਨ ਦੇ ਬਾਵਜੂਦ ਸ਼ਹਿਰ ਵਿਚ ਅਜੇ ਤੱਕ ਵਿਆਪਕ ਪੱਧਰ ’ਤੇ ਫੌਗਿੰਗ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਇਹ ਨਗਰ ਨਿਗਮ ਦੀ ਗੰਭੀਰ ਲਾਪਰਵਾਹੀ ਹੈ, ਜਿਸ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਰਵੀਸ਼ ਰਾਜ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਥਾਂ-ਥਾਂ ਪਾਣੀ ਖੜ੍ਹਾ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਤੇਜ਼ੀ ਨਾਲ ਵਧਦੀ ਹੈ। ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ ਨਾ ਤਾਂ ਨਿਯਮਿਤ ਫੌਗਿੰਗ ਕੀਤੀ ਜਾ ਰਹੀ ਹੈ ਅਤੇ ਨਾ ਹੀ ਪ੍ਰਭਾਵਿਤ ਇਲਾਕਿਆਂ ਵਿਚ ਕੋਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਨਗਰ ਨਿਗਮ ਡੇਂਗੂ ਅਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੀ ਉਡੀਕ ਕਰ ਰਿਹਾ ਹੈ।

ਪਿਛਲੀ ਖ਼ਬਰ ਸੇਵਾ ਤੇ ਸਿਮਰਨ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ - ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਗਲੀ ਖ਼ਬਰ ਕੇਵਲ ਵਿਹਾਰ ਆਰਮੀ ਕਾਲੋਨੀ ਬਾਹਰ ਖ਼ਰਾਬ ਸੜਕ ਤੇ ਗੰਦਗੀ ਨਾਲ ਬਣੇ ਮਾੜੇ ਹਾਲਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।