07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ‘ਆਪ੍ਰੇਸ਼ਨ ਪ੍ਰਹਾਰ 3.0’ ਤਹਿਤ ਜ਼ਿਲ੍ਹੇ ’ਚ ਸਵੇਰੇ ਤੜਕੇ ਅਪਰਧਾਕ ਤੱਤਾਂ ਖ਼ਿਲਾਫ਼ ਵੱਡੀ ਕਾਰਵਾਈ

ਅਜੀਤ ਡੈਸਕ 14-07-2026
ਜਲੰਧਰ, 13 ਜੁਲਾਈ (ਜਤਿੰਦਰ ਪੰਮੀ)–ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ਸੋਮਵਾਰ ਨੂੰ ਆਪ੍ਰੇਸ਼ਨ ਪ੍ਰਹਾਰ 3.0 ਦੀ ਸ਼ੁਰੂਆਤ ਕਰਦਿਆਂ ਸਵੇਰੇ ਤੜਕੇ ਚਾਰ ਵਜੇ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਅਪਰਾਧਕ ਤੱਤਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਆਪ੍ਰੇਸ਼ਨ ਪ੍ਰਹਾਰ 3.0 ਦੌਰਾਨ ਪੁਲਿਸ ਵਲੋਂ 300 ਤੋਂ ਵੱਧ ਅਪਰਾਧਿਕ ਤੱਤਾਂ ਖ਼ਿਲਾਫ਼ ਕਾਨੂੰਨੀ ਤੇ ਅਪਰਾਧ ਰੋਕੂ ਕਾਰਵਾਈ ਕੀਤੀ ਗਈ। ਪੁਲਿਸ ਦੀਆਂ ਟੀਮਾਂ ਨੇ ਆਪ੍ਰੇਸ਼ਨ ਦੌਰਾਨ ਕੁੱਲ 75 ਰੇਡਾਂ ਕੀਤੀਆਂ, ਜਿਸ ਦੌਰਾਨ ਨਸ਼ਾ ਤਸਕਰਾਂ, ਗੈਂਗਸਟਰਾਂ ਦੇ ਸ਼ੱਕੀ ਸਹਾਇਕਾਂ, ਭਗੌੜੇ ਮੁਲਜ਼ਮਾਂ ਅਤੇ ਵੱਖ-ਵੱਖ ਕੇਸਾਂ ’ਚ ਲੋੜੀਂਦੇ ਮੁਲਜ਼ਮਾਂ ਦੇ ਘਰਾਂ ਤੇ ਲੁੱਕਣ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲਿਸ ਨੇ ਵੱਖ-ਵੱਖ ਥਾਣਿਆਂ ’ਚ 34 ਐੱਫ.ਆਈ.ਆਰ. ਦਰਜ ਕੀਤੀਆਂ। ਨਸ਼ਾ ਤਸਕਰੀ ਦੇ ਮਾਮਲੇ ’ਚ ਨਵੇਂ ਮਾਮਲੇ ਦਰਜ ਕਰਕੇ 36 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿਚ ਐਨ.ਡੀ.ਪੀ.ਐੱਸ. ਐਕਟ ਤਹਿਤ 31 ਕੇਸ ਦਰਜ ਕਰਕੇ 34 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਐਕਸਾਈਜ਼ ਐਕਟ ਤਹਿਤ 3 ਕੇਸ ਦਰਜ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ 71 ਲੋੜੀਂਦੇ ਮੁਲਜ਼ਮ ਅਤੇ 11 ਭਗੌੜੇ ਅਪਰਾਧੀ ਕਾਬੂ ਕੀਤੇ ਗਏ। ਇਸ ਤੋਂ ਇਲਾਵਾ 65 ਅਪਰਾਧ ਰੋਕੂ ਕਾਰਵਾਈਆਂ ਕੀਤੀਆਂ ਗਈਆਂ, 9 ਡੋਜ਼ੀਅਰ ਅਤੇ 2 ਇੰਟੈਲੀਜੈਂਸ ਰਿਪੋਰਟਾਂ ਤਿਆਰ ਕੀਤੀਆਂ ਗਈਆਂ, 12 ਹਿਸਟਰੀਸ਼ੀਟਰਾਂ ਦੀ ਤਸਦੀਕ ਕੀਤੀ ਗਈ, 370 ਟ੍ਰੈਫ਼ਿਕ ਚਲਾਨ ਕੀਤੇ ਗਏ ਅਤੇ 51 ਵਾਹਨ ਇੰਪਾਊਂਡ ਕੀਤੇ ਗਏ। ਇਸ ਤੋਂ ਇਲਾਵਾ 347 ਗ੍ਰਾਮ ਹੈਰੋਇਨ, 182 ਨਸ਼ੀਲੀਆਂ ਗੋਲੀਆਂ, 2 ਮੋਟਰਸਾਈਕਲ ਅਤੇ 15 ਲੀਟਰ 750 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਅਪ੍ਰੇਸ਼ਨ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਇਹ ਆਪ੍ਰੇਸ਼ਨ ਪੂਰੇ ਜ਼ਿਲ੍ਹੇ ਵਿੱਚ ਚਲਾਇਆ ਗਿਆ। ਐੱਸ. ਐੱਸ. ਪੀ. ਨੇ ਵੀ ਖੁਦ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਛਾਪੇਮਾਰੀਆਂ ਦਾ ਨਿਰੀਖਣ ਕੀਤਾ, ਪੁਲਿਸ ਟੀਮਾਂ ਨਾਲ ਗੱਲਬਾਤ ਕੀਤੀ ਅਤੇ ਆਪ੍ਰੇਸ਼ਨ ਪ੍ਰਹਾਰ 3.0 ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਰੇਂਜ ਦੇ ਤਿੰਨਾਂ ਜ਼ਿਲ੍ਹਿਆਂ ’ਚ ਚਲਾਇਆ ਗਿਆ ਅਪ੍ਰੇਸ਼ਨ 3.0–ਨਵੀਨ ਸਿੰਗਲਾ
ਇਸ ਆਪ੍ਰੇਸ਼ਨ ਦੀ ਅਗਵਾਈ ਡੀ. ਆਈ. ਜੀ ਜਲੰਧਰ ਰੇਂਜ ਨਵੀਨ ਸਿੰਗਲਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਖੁਦ ਜਲੰਧਰ ਦਿਹਾਤੀ ਖੇਤਰ ਦਾ ਦੌਰਾ ਕਰਕੇ ਚੱਲ ਰਹੇ ਆਪ੍ਰੇਸ਼ਨ ਦਾ ਜਾਇਜ਼ਾ ਲਿਆ। ਮੈਦਾਨ ਵਿੱਚ ਤਾਇਨਾਤ ਪੁਲਿਸ ਟੀਮਾਂ ਦੀ ਨਿਗਰਾਨੀ ਕੀਤੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਡੀ. ਆਈ. ਜੀ. ਨਵੀਨ ਸਿੰਗਲਾ ਨੇ ਕਿਹਾ ਕਿ ਗੈਂਗਸਟਰਾਂ, ਉਨ੍ਹਾਂ ਦੇ ਸਹਾਇਕਾਂ, ਨਸ਼ਾ ਤਸਕਰਾਂ ਅਤੇ ਹੋਰ ਅਪਰਾਧਕਾਂ ਤੱਤਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪਹਿਲਾਂ ਅਪ੍ਰੇਸ਼ਨ ਪਰਹਾਰ 1.0 ਤੇ 2.0 ਚਲਾਇਆ ਗਿਆ ਸੀ। ਅੱਜ ਤੋਂ ਅਪ੍ਰੇਸ਼ਨ ਪਰਹਾਰ 3.0 ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 100 ਦੇ ਕਰੀਬ ਪੁਲਿਸ ਟੀਮਾਂ ਨੇ ਸਵੇਰੇ ਚਾਰ ਵਜੇ ਤੜਕੇ ਛਾਪੇਮਾਰੀਆਂ ਕੀਤੀਆਂ ਅਤੇ ਅਪਰਾਧਕਾਂ ਅਨਸਰਾਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ। ਉਨ੍ਹਾਂ ਅਪਰਾਧਕ ਤੱਤਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਜਾਂ ਫਿਰ ਇਲਾਕਾ ਛੱਡ ਜਾਣ।
ਆਪ੍ਰੇਸ਼ਨ ਪਰਹਾਰ 3.0 ਵਿੱਚ ਜ਼ਿਲ੍ਹੇ ਦੇ ਇਨ੍ਹਾਂ ਅਧਿਕਾਰੀਆਂ ਨੇ ਕੀਤੀ ਟੀਮਾਂ ਦੀ ਅਗਵਾਈ
ਇਸ ਆਪ੍ਰੇਸ਼ਨ ਦੀ ਨਿਗਰਾਨੀ ਡਾ. ਮੁਕੇਸ਼ ਕੁਮਾਰ ਪੁਲਿਸ ਕਪਤਾਨ (ਹੈੱਡਕੁਆਰਟਰ), ਮਨਜੀਤ ਕੌਰ ਪੁਲਿਸ ਕਪਤਾਨ (ਪੀ.ਬੀ.ਆਈ.), ਲਖਵਿੰਦਰ ਸਿੰਘ ਉਪ ਪੁਲਿਸ ਕਪਤਾਨ (ਤਫ਼ਤੀਸ਼), ਰਸ਼ਪਾਲ ਸਿੰਘ ਉਪ ਪੁਲਿਸ ਕਪਤਾਨ (ਸਪੈਸ਼ਲ ਕ੍ਰਾਈਮ), ਦੀਪਕ ਸ਼ਰਮਾ ਉਪ ਪੁਲਿਸ ਕਪਤਾਨ (ਹੋਮੀਸਾਈਡ), ਮਨਜੀਤ ਸਿੰਘ ਉਪ ਪੁਲਿਸ ਕਪਤਾਨ (ਟ੍ਰੈਫ਼ਿਕ), ਨਰਿੰਦਰ ਸਿੰਘ ਔਜਲਾ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਕਰਤਾਰਪੁਰ, ਰਾਜੀਵ ਕੁਮਾਰ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ, ਓਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ, ਸਰਵਣ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਸ਼ਾਹਕੋਟ ਅਤੇ ਭਾਰਤ ਮਸੀਹ ਲੱਧੜ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਫਿਲੌਰ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਜਲੰਧਰ ਦਿਹਾਤੀ ਪੁਲਿਸ ਦੇ ਸਮੂਹ ਗਜ਼ਟਿਡ ਤੇ ਨਾਨ-ਗਜ਼ਟਿਡ ਅਧਿਕਾਰੀ ਆਪ੍ਰੇਸ਼ਨ ਦੀ ਨਿਗਰਾਨੀ ਕੀਤੀ, ਜਦਕਿ ਸਾਰੇ ਥਾਣਾ ਮੁਖੀ ਆਪਣੇ-ਆਪਣੇ ਇਲਾਕਿਆਂ ਵਿਚ ਪੁਲਿਸ ਟੀਮਾਂ ਦੀ ਅਗਵਾਈ ਕਰ ਰਹੇ ਸਨ।
ਜ਼ਿਲ੍ਹੇ ’ਚ ਕਾਸੋ ਆਪ੍ਰੇਸ਼ਨ ਵੀ ਚਲਾਇਆ-ਐੱਸ. ਐੱਸ. ਪੀ.
ਐੱਸ. ਐੱਸ. ਪੀ. ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੋਮਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਕੋਰਡਨ ਐਂਡ ਸਰਚ ਆਪ੍ਰੇਸ਼ਨ (ਕਾਸੋ) ਵੀ ਚਲਾਇਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਸੁੰਨਸਾਨ ਥਾਵਾਂ, ਛੱਡੀਆਂ ਹੋਈਆਂ ਇਮਾਰਤਾਂ, ਨਸ਼ਿਆਂ ਦੇ ਹਾਟਸਪਾਟ ਅਤੇ ਹੋਰ ਸ਼ੱਕੀ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ, ਲੋੜੀਂਦੇ ਮੁਲਜ਼ਮਾਂ, ਭਗੌੜੇ ਅਪਰਾਧੀਆਂ ਅਤੇ ਜ਼ਮਾਨਤ ‘ਤੇ ਬਾਹਰ ਆਏ ਅਪਰਾਧੀਆਂ ਦੀ ਵੀ ਤਸਦੀਕ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੇ ਹਿੱਸੇ ਵਜੋਂ ਪੂਰੇ ਜ਼ਿਲ੍ਹੇ ਵਿੱਚ ਨਾਈਟ ਡੋਮੀਨੇਸ਼ਨ ਹੋਰ ਸਖ਼ਤ ਕੀਤਾ ਗਿਆ ਹੈ ਅਤੇ ਮਹੱਤਵਪੂਰਨ ਥਾਵਾਂ ‘ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਅਪਰਾਧਿਕ ਗਤੀਵਿਧੀਆਂ ‘ਤੇ ਸ਼ਿਕੰਜਾ ਕੱਸਣ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਵਾਹਨਾਂ ਅਤੇ ਵਿਅਕਤੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪਿੰਡ ਅੱਟਾ ਦੇ ਨੌਜਵਾਨ ਲੜਕੇ ਦੀ ਹਾਦਸੇ ਵਿਚ ਮੌਤ ਅਗਲੀ ਖ਼ਬਰ ਪਾਣੀ ਦੀ ਸਪਲਾਈ ਠੀਕ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ, ਹਰ ਵਰ੍ਹੇ ਫੈਲਦਾ ਹੈ ਪੀਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।