18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ਼ਹਿਜ਼ਾਦ ਭੱਟੀ ਤੇ ਹਮਾਸ ਗੁੱਜਰ ਨੂੰ ਦੇਸ਼ ਬਾਰੇ ਸੰਵੇਦਨਸ਼ੀਲ ਜਾਣਕਾਰੀਆਂ ਭੇਜਣ ਵਾਲੇ ਤਿੰਨ ਕਾਬੂ ਸਪੈਸ਼ਲ ਸੈੱਲ ਦੀ ਟੀਮ ਨੇ ਥਾਣਾ ਰਾਮਾ ਮੰਡੀ ਪੁਲਿਸ ਨਾਲ ਮਿਲ ਕੇ ਕੀਤਾ ਪਰਦਾਫਾਸ਼

ਅਜੀਤ ਡੈਸਕ 28-06-2026
ਜਲੰਧਰ, 27 ਜੂਨ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਥਾਣਾ ਰਾਮਾ ਮੰਡੀ ਦੀ ਪੁਲਿਸ ਨਾਲ ਮਿਲ ਕੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਦੇਸ਼ ਦੇ ਸਰਕਾਰੀ ਅਦਾਰਿਆਂ ਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨ ਦੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਸ਼ਹਿਜ਼ਾਦ ਭੱਟੀ ਤੇ ਹਮਾਸ ਗੁੱਜਰ ਨੂੰ ਭੇਜਣ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਪਛਾਣ ਸਚਿਨ ਖੋਸਲਾ, ਭਰਤ ਵਰਮਾ ਦੋਵੇਂ ਵਾਸੀ ਗੁਰੂ ਨਾਨਕਪੁਰਾ ਵੈਸਟ ਚੁੱਗਿੱਟੀ ਅਤੇ ਪ੍ਰਦੀਪ ਸਿੰਘ ਵਾਸੀ ਕਮਲ ਵਿਹਾਰ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿੱਚ ਯੂ. ਏ. ਪੀ. ਏ. ਅਤੇ ਬੀਐੱਨਐੱਸ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਆਪਣੇ ਦਫਤਰ ’ਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਸੈਂਟਰਲ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮਿਲੀ ਗੁਪਤਾ ਸੂਚਨਾ ਦੇ ਆਧਾਰ ’ਤੇ ਸਾਂਝੀ ਕਾਰਵਾਈ ਕਰਦਿਆਂ ਸਚਿਨ ਖੋਸਲਾ, ਭਰਤ ਵਰਮਾ ਤੇ ਪ੍ਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਿਲ ਹੋਣ ਦੇ ਪੱਕੇ ਸਬੂਤ ਮਿਲੇ ਹਨ। ਉਹ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ ’ਤੇ ਦੇਸ਼ ਦੇ ਅਹਿਮ ਸਰਕਾਰੀ ਅਦਾਰਿਆਂ ਤੇ ਹੋਰ ਸੰਵਦੇਨਸ਼ੀਲ ਜਾਣਕਾਰੀਆਂ ਸੋਸ਼ਲ ਮੀਡੀਆ ਤੇ ਫੋਨ ’ਚੋਂ ਵੱਖ-ਵੱਖ ਐਪਾਂ ਰਾਹੀਂ ਸ਼ਹਿਜ਼ਾਦ ਭੱਟੀ ਤੇ ਹਮਾਸ ਗੁੱਜਰ ਨੂੰ ਪਾਕਿਸਤਾਨ/ਵਿਦੇਸ਼ ਭੇਜਦੇ ਸਨ। ਸੀ. ਪੀ. ਨੇ ਕਿਹਾ ਕਿ ਮੁਲਜ਼ਮ ਭਰਤ ਵਰਮਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ 2023 ’ਚ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਏ. ਸੀ. ਪੀ. ਸੈਂਟਰਲ ਵਲੋਂ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਦੇਸ਼-ਵਿਰੋਧੀ ਸਰਗਰਮੀਆਂ ਬਾਰੇ ਹੋਰ ਵੀ ਪੁਖਤਾ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਨਾਲ ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. (ਤਫਤੀਸ਼) ਜੈਅੰਤ ਪੁਰੀ ਤੇ ਏ. ਸੀ. ਪੀ. (ਤਫਤੀਸ਼) ਅਮਰਬੀਰ ਸਿੰਘ ਵੀ ਮੌਜੂਦ ਸਨ।
ਜਲੰਧਰ ’ਚ ਵਾਪਰੇ ਹੋਰ ਮਾਮਲਿਆਂ ’ਚ ਵੀ ਆ ਚੁੱਕੈ ਸ਼ਹਿਜ਼ਾਦ ਭੱਟੀ ਦਾ ਨਾਂਅ
ਇੱਥੇ ਦੱਸਣਯੋਗ ਹੈ ਕਿ ਪਾਕਿਸਤਾਨ ਡਾਨ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਦਾ ਨਾਂ ਜਲੰਧਰ ’ਚ ਪਿਛਲੇ ਸਾਲਾਂ ਦੌਰਾਨ ਵਾਪਰੇ ਕਈ ਮਾਮਲਿਆਂ ’ਚ ਸਾਹਮਣੇ ਆ ਚੁੱਕਾ ਹੈ। ਉਹ ਨੌਜਵਾਨਾਂ ਨੇ ਆਪਣੇ ਝਾਂਸੇ ’ਚ ਲੈ ਕੇ ਵਿਦੇਸ਼ ਭੇਜਣ ਜਾਂ ਮੋਟੀ ਰਕਮ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਕੋਲੋਂ ਦੇਸ਼-ਵਿਰੋਧੀ ਕੰਮ ਕਰਵਾਉਂਦਾ ਹੈ। ਸਭ ਤੋਂ ਪਹਿਲਾਂ ਸ਼ਹਿਜ਼ਾਦ ਭੱਟੀ ਦਾ ਨਾਂ ਰਾਏਪੁਰ ਬੱਲਾਂ ਵਾਸੀ ਸੋਸ਼ਲ ਮੀਡੀਆ ਇਨਫਲੂਐਂਸਰ ਰੋਜ਼ਰ ਸੰਧੂ ਨੂੰ ਧਮਕੀਆਂ ਦੇਣ ਅਤੇ ਉਸ ਦੇ ਘਰ ’ਤੇ ਗਰਨੇਡ ਹਮਲਾ ਕਰਵਾਉਣ ਕਾਰਨ ਚਰਚਾ ’ਚ ਆਇਆ ਸੀ। ਇਸ ਉਪਰੰਤ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਬਾਹਰ ਹੋਏ ਗ੍ਰੇਨੇਡ ਹਮਲੇ ’ਚ ਵੀ ਉਸ ਦੀ ਸ਼ਮੂਲੀਅਤ ਸਾਹਮਣੇ ਆਈ ਸੀ। 5 ਮਈ ਨੂੰ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਹੈੱਡਕੁਆਰਟਰ ਬਾਹਰ ਮੁੱਖ ਗੇਟ ’ਤੇ ਐਕਟਿਵਾ ’ਚ ਹੋਏ ਧਮਾਕੇ ਦੇ ਤਾਰ ਵੀ ਸ਼ਹਿਜ਼ਾਦ ਭੱਟੀ ਨਾਲ ਜੁੜੇ ਹੋਏ ਹਨ।
ਪਿਛਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ ਫੇਜ਼-1 ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਦਸਤਾਰ ਮੁਕਾਬਲੇ ਅਗਲੀ ਖ਼ਬਰ ਕੇ.ਐਮ.ਵੀ. ਵਿਖੇ ਨਵੇਂ ਕੋਰਸਾਂ ਲਈ ‘ਵਰਲਡ ਕਲਾਸ ਇਨਫ੍ਰਾਸਟਰਕਚਰ’ ਸਥਾਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।