07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹਾਈਵੇ 'ਤੇ ਰਾਤ ਦਾ ਸਫ਼ਰ ਬਣਿਆ ਖ਼ੌਫ਼ਨਾਕ, ਪਿਕਅੱਪ ਗੱਡੀ ਨੂੰ ਲੁੱਟ ਕੇ ਜ਼ਖ਼ਮੀ ਚਾਲਕ ਨੂੰ ਸੁੰਨਸਾਨ ਥਾਂ 'ਤੇ ਸੁੱਟ ਗਏ ਲੁਟੇਰੇ

ਅਜੀਤ ਡੈਸਕ 24-01-2026
ਮਕਸੂਦਾਂ, 23 ਜਨਵਰੀ (ਸੌਰਵ ਮਹਿਤਾ) - ਜਲੰਧਰ-ਅੰਮਿ੍ਤਸਰ ਮੁੱਖ ਮਾਰਗ 'ਤੇ ਅਪਰਾਧੀਆਂ ਦੇ ਹੌਸਲੇ ਇਕ ਵਾਰ ਫਿਰ ਸਾਹਮਣੇ ਆ ਗਏ ਹਨ ਜਿੱਥੇ ਬਲ ਹਸਪਤਾਲ ਦੇ ਨੇੜੇ ਦੇਰ ਰਾਤ ਨੂੰ ਸੁੰਨੇ ਹਾਈਵੇ 'ਤੇ ਖੜ੍ਹੀ ਇੱਕ ਪਿਕਅੱਪ ਨੂੰ ਨਿਸ਼ਾਨਾ ਬਣਾਉਂਦਿਆਂ ਲੁਟੇਰਿਆਂ ਨੇ ਚਾਲਕ 'ਤੇ ਜਾਨਲੇਵਾ ਹਮਲਾ ਕਰਕੇ ਵਾਹਨ ਲੁੱਟ ਲਿਆ | ਇਸ ਵਾਰਦਾਤ ਨਾਲ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ ਹੈ | ਮਿਲੀ ਜਾਣਕਾਰੀ ਮੁਤਾਬਿਕ ਅਮਰੀਕ ਨਗਰ ਵਾਸੀ ਰਾਜੇਸ਼ ਕੁਮਾਰ ਆਪਣੇ ਭਰਾ ਦੀ ਮਹਿੰਦਰਾ ਪਿਕਅੱਪ ਲੈ ਕੇ ਬਿਆਸ ਵੱਲ ਮਜ਼ਦੂਰ ਲੈਣ ਜਾ ਰਿਹਾ ਸੀ | ਰਾਤ ਲੰਮੀ ਹੋਣ ਅਤੇ ਥਕਾਵਟ ਵਧਣ ਕਾਰਨ ਉਸ ਨੂੰ ਨੀਂਦ ਆਉਣ ਲੱਗੀ | ਇਸ ਦੌਰਾਨ ਉਸ ਨੇ ਬਲ ਹਸਪਤਾਲ ਦੇ ਸਾਹਮਣੇ ਹਾਈਵੇ ਦੇ ਕਿਨਾਰੇ ਵਾਹਨ ਖੜ੍ਹਾ ਕਰਕੇ ਅੰਦਰ ਹੀ ਆਰਾਮ ਕਰਨਾ ਠੀਕ ਸਮਝਿਆ | ਰਾਤ ਦੇ ਸੁੰਨੇਪਨ ਦਾ ਫ਼ਾਇਦਾ ਚੁੱਕਦਿਆਂ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਉੱਥੇ ਪਹੁੰਚੇ | ਉਨ੍ਹਾਂ ਨੇ ਪਿਕਅੱਪ ਦਾ ਸ਼ੀਸ਼ਾ ਖੜਕਾਇਆ | ਜਿਵੇਂ ਹੀ ਰਾਜੇਸ਼ ਨੇ ਸ਼ੀਸ਼ਾ ਹੇਠਾਂ ਕੀਤਾ, ਇਕ ਲੁਟੇਰੇ ਨੇ ਬਿਨਾਂ ਦੇਰੀ ਕੀਤੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ | ਅਚਾਨਕ ਹਮਲੇ ਨਾਲ ਜ਼ਖ਼ਮੀ ਹੋਇਆ ਰਾਜੇਸ਼ ਕੁਝ ਵੀ ਸਮਝਣ ਦੀ ਹਾਲਤ 'ਚ ਨਹੀਂ ਸੀ | ਇਸੇ ਦੌਰਾਨ ਦੂਜਾ ਲੁਟੇਰਾ ਡਰਾਈਵਰ ਸੀਟ 'ਤੇ ਬੈਠ ਕੇ ਪਿਕਅੱਪ ਲੈ ਕੇ ਫਰਾਰ ਹੋ ਗਿਆ ਜਦਕਿ ਉਸ ਦਾ ਸਾਥੀ ਮੋਟਰਸਾਈਕਲ 'ਤੇ ਅੱਗੇ-ਅੱਗੇ ਚੱਲਦਾ ਰਿਹਾ | ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਚਾਲਕ ਨੂੰ ਕੁਝ ਦੂਰੀ ਤੱਕ ਜ਼ਬਰਦਸਤੀ ਵਾਹਨ ਵਿੱਚ ਹੀ ਰੱਖਿਆ ਗਿਆ | ਬਿਧੀਪੁਰ ਫਾਟਕ ਦੇ ਨੇੜੇ ਲੁਟੇਰਿਆਂ ਨੇ ਰਾਜੇਸ਼ ਤੋਂ ਮੋਬਾਈਲ ਫੋਨ ਅਤੇ ਲਗਭਗ 500 ਰੁਪਏ ਨਕਦੀ ਖੋਹ ਲਈ ਅਤੇ ਉਸ ਨੂੰ ਸੁੰਨਸਾਨ ਥਾਂ 'ਤੇ ਸੜਕ ਕਿਨਾਰੇ ਸੁੱਟ ਦਿੱਤਾ | ਬਾਅਦ ਵਿੱਚ ਦੋਵੇਂ ਪਿਕਅੱਪ ਸਮੇਤ ਫਰਾਰ ਹੋ ਗਏ | ਵਾਰਦਾਤ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਪਹੁੰਚੀ ਤੇ ਜ਼ਖ਼ਮੀ ਨੂੰ ਮੈਡੀਕਲ ਮਦਦ ਦਵਾਈ ਗਈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸ਼ਾਮ ਜੀ ਲਾਲ ਨੇ ਦੱਸਿਆ ਕਿ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ | ਲੁਟੇਰਿਆਂ ਦੀ ਭਾਲ ਲਈ ਹਾਈਵੇ 'ਤੇ ਢਾਬਿਆਂ, ਪੈਟਰੋਲ ਪੰਪਾਂ ਤੇ ਟੋਲ ਪਲਾਜ਼ਾ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਉੱਥੇ ਹੀ ਇਸ ਵਾਰਦਾਤ ਨੇ ਰਾਤ ਸਮੇਂ ਹਾਈਵੇ 'ਤੇ ਯਾਤਰਾ ਕਰਨ ਵਾਲਿਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ |
ਪਿਛਲੀ ਖ਼ਬਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ 205ਵੀਂ ਸ਼ਾਖਾ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਉਦਘਾਟਨ ਅਗਲੀ ਖ਼ਬਰ ਘਰ ਅੰਦਰ ਦਾਖ਼ਲ ਹੋ ਕੇ ਬਜ਼ੁਰਗ ਔਰਤ ਨੂੰ ਲੁੱਟਣ ਵਾਲੇ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।