16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅੱਡਾ ਰਾਏਪੁਰ 'ਤੇ ਮੌਤ ਦਾ ਨਾਜਾਇਜ਼ ਕੱਟ : ਤੇਜ਼ ਰਫ਼ਤਾਰ ਇਨੋਵਾ ਦੀ ਟੱਕਰ ਨਾਲ ਆਟੋ ਪਲਟਿਆ, 2 ਵਿਦਿਆਰਥੀਆਂ ਦੀ ਮੌਤ, 5 ਗੰਭੀਰ ਜ਼ਖ਼ਮੀ

ਅਜੀਤ ਡੈਸਕ 01-01-2026
ਮਕਸੂਦਾਂ, 31 ਦਸੰਬਰ (ਸੌਰਵ ਮਹਿਤਾ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਅੱਡਾ ਰਾਏਪੁਰ ਵਿਖੇ ਬੁੱਧਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸੇ 'ਚ 2 ਨੌਜਵਾਨ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਆਟੋ ਚਾਲਕ ਸਮੇਤ 5 ਹੋਰ ਲੋਕ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ | ਇਹ ਹਾਦਸਾ ਉਸ ਨਾਜਾਇਜ਼ ਕੱਟ 'ਤੇ ਵਾਪਰਿਆ, ਜਿੱਥੇ ਹਰ ਰੋਜ਼ ਹਾਦਸੇ ਹੋ ਰਹੇ ਹਨ ਪਰ ਪ੍ਰਸ਼ਾਸਨ ਅਜੇ ਤੱਕ ਖਾਮੋਸ਼ ਨਜ਼ਰ ਆ ਰਿਹਾ ਹੈ | ਮਿਲੀ ਜਾਣਕਾਰੀ ਮੁਤਾਬਕ ਅੰਬਾਲਾ ਤੋਂ ਨਕੋਦਰ ਮੱਥਾ ਟੇਕਣ ਆਏ ਵਿਦਿਆਰਥੀ ਇੱਕ ਆਟੋ 'ਚ ਸਵਾਰ ਹੋ ਕੇ ਜਾ ਰਹੇ ਸਨ | ਜਿਵੇਂ ਹੀ ਆਟੋ ਅੱਡਾ ਰਾਏਪੁਰ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਆਟੋ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਆਟੋ ਪਲਟੀਆਂ ਖਾਂਦਾ ਹੋਇਆ ਪਹਿਲਾਂ ਫੁੱਟਪਾਥ 'ਤੇ ਚੜ੍ਹ ਗਿਆ, ਫਿਰ ਦੂਜੇ ਪਾਸੇ ਸੜਕ 'ਤੇ ਜਾ ਕੇ ਭੋਗਪੁਰ ਵਲੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਿਆ | ਆਟੋ ਦੇ ਪਰਖੱਚੇ ਉੱਡ ਗਏ ਅਤੇ ਸਵਾਰੀਆਂ ਸੜਕ 'ਤੇ ਦੂਰ-ਦੂਰ ਤੱਕ ਜਾ ਡਿੱਗੀਆਂ | ਲੋਕਾਂ ਵਲੋਂ ਤੁਰੰਤ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ |
aਸੜਕ ਸੁਰੱਖਿਆ ਫੋਰਸ ਦੇ ਏ.ਐੱਸ.ਆਈ. ਸਤਨਾਮ ਸਿੰਘ ਮੌਕੇ 'ਤੇ ਪਹੁੰਚੇ ਅਤੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਪਠਾਨਕੋਟ ਬਾਈਪਾਸ ਨੇੜੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਹਾਦਸੇ ਦੌਰਾਨ 2 ਵਿਦਿਆਰਥੀਆਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਮੌਕੇ 'ਤੇ ਪਹੁੰਚੇ ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਪਹਿਚਾਣ ਪਿ੍ੰਸ ਪੁੱਤਰ ਰਾਮਕਰਨ ਅਤੇ ਕਰਨ ਪੁੱਤਰ ਅਮਨ ਕੁਮਾਰ, ਦੋਵੇਂ ਵਾਸੀ ਪਿੰਡ ਸ਼ੇਰ ਡੱਲਾ, ਥਾਣਾ ਸ਼ਾਹਬਾਦ, ਅੰਬਾਲਾ ਵਜੋਂ ਹੋਈ ਹੈ | ਜ਼ਖ਼ਮੀਆਂ 'ਚ ਚਿਤਰਾਮ ਪੁੱਤਰ ਜਿਤੇਂਦਰ, ਖੁਸ਼ਪ੍ਰੀਤ ਪੁੱਤਰ ਜਸਵਿੰਦਰ ਸਿੰਘ, ਕਰਮਵੀਰ ਪੁੱਤਰ ਜਸਵਿੰਦਰ ਸਿੰਘ, ਵਿਕਝਕੀ ਪੁੱਤਰ ਗੁਰਮੇਲਾ (ਸਾਰੇ ਵਾਸੀ ਅੰਬਾਲਾ ਖੇਤਰ) ਅਤੇ ਆਟੋ ਚਾਲਕ ਸੁਨੀਲ ਕੁਮਾਰ ਵਾਸੀ ਰਿਸ਼ੀ ਨਗਰ, ਜਲੰਧਰ ਸ਼ਾਮਿਲ ਹਨ | ਡਾਕਟਰਾਂ ਮੁਤਾਬਕ ਪੰਜ 'ਚੋਂ ਚਾਰ ਜ਼ਖ਼ਮੀਆਂ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ 'ਤੇ ਹਨ | ਹਾਦਸੇ ਤੋਂ ਬਾਅਦ ਇਨੋਵਾ ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਟਰੱਕ ਚਾਲਕ ਵੀ ਗੱਡੀ ਲੈ ਕੇ ਭੱਜਣ 'ਚ ਕਾਮਯਾਬ ਹੋ ਗਿਆ | ਲੋਕਾਂ ਨੇ ਇਨੋਵਾ ਦਾ ਨੰਬਰ ਨੋਟ ਕਰ ਕੇ ਪੁਲਿਸ ਨੂੰ ਸੌਂਪ ਦਿੱਤਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਉੱਧਰ, ਅੱਡਾ ਰਾਏਪੁਰ 'ਤੇ ਮੌਜੂਦ ਨਾਜਾਇਜ਼ ਕੱਟ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਰੋਜ਼ਾਨਾ ਛੋਟੇ-ਵੱਡੇ ਹਾਦਸੇ ਹੁੰਦੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਪਰ ਨਾ ਤਾਂ ਪ੍ਰਸ਼ਾਸਨ ਨੇ ਕੱਟ ਬੰਦ ਕੀਤਾ ਹੈ ਅਤੇ ਨਾ ਹੀ ਕੋਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ |
ਪਿਛਲੀ ਖ਼ਬਰ ਮੇਅਰ ਦੀ ਜਾਂਚ 'ਚ ਘੱਟ ਪਾਈਆਂ ਗਈਆਂ ਕੂੜਾ, ਮਲਬੇ ਨੂੰ ਚੁੱਕਣ ਵਾਲੀਆਂ ਟਰਾਲੀਆਂ ਅਗਲੀ ਖ਼ਬਰ ਜਲੰਧਰ ਵਾਸੀਆਂ ਨੇ ਉਤਸ਼ਾਹ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ ਮਾਡਲ ਟਾਊਨ, ਪੀ. ਪੀ. ਆਰ. ਮਾਰਕੀਟ ਅਤੇ ਹੋਰਾਂ ਇਲਾਕਿਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।