ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਡਰੋਨ ਤੇ ਹੋਰ ਉੱਡਣ ਵਾਲੇ ਯੰਤਰਾਂ ’ਤੇ ਲੱਗੀ ਪਾਬੰਦੀ
ਅੰਮ੍ਰਿਤਸਰ, 20 ਅਕਤੂਬਰ (ਰੇਸ਼ਮ ਸਿੰਘ)- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਤੇ ਕਿਸੇ ਵੀ ਸੰਭਾਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰਮਨਬੀਰ ਸਿੰਘ ਗਿੱਲ ਕਮਿਸ਼ਨਰ ਪੁਲਿਸ ਵਲੋੋਂਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਦਿਆਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ, ਅੰਮ੍ਰਿਤਸਰ ਵਿਖੇ 20 ਅਕਤੂਬਰ ਤੋਂ ਡਰੋਨ, ਰਿਮੋਟ ਕੰਟਰੋਲ ਮਾਈਕ੍ਰੋਲਾਈਟ ਏਅਰਕ੍ਰਾਫਟ, ਪੈਰਾ-ਗਲਾਈਡਰ, ਪੈਰਾ-ਮੋਟਰ, ਹੈਂਡ ਗਲਾਈਡਰ, ਗਰਮ ਹਵਾ ਵਾਲੇ ਗੁਬਾਰੇ ਅਤੇ ਹੋਰ ਅਜਿਹੇ ਉੱਡਣ ਵਾਲੇ ਯੰਤਰਾਂ ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਦੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਬਿਨਾਂ ਮਨਜ਼ੂਰੀ ਕਿਸੇ ਵੀ ਤਰ੍ਹਾਂ ਦੇ ਉੱਡਣ ਵਾਲੇ ਯੰਤਰ ਦੀ ਉਡਾਣ ਲਈ ਵਰਤੋਂ ਨਾਂ ਕਰਨ ।