18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

27 ਸਤੰਬਰ ਨੂੰ ਰਤੀਆ ਦੀ ਅਨਾਜ ਮੰਡੀ ਵਿਖੇ ਹੋਵੇਗੀ ਕਿਸਾਨ-ਮਜ਼ਦੂਰ ਪੰਚਾਇਤ < ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਨੇ ਟੋਹਾਣਾ ਤੋਂ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ

ਟੋਹਾਣਾ, 17 ਸਤੰਬਰ (ਮਨਜੀਤ ਸਿੰਘ)- ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਵੱਲੋਂ 27 ਸਤੰਬਰ ਨੂੰ ਰਤੀਆ ਦੀ ਅਨਾਜ ਮੰਡੀ ਵਿਖੇ ਵੱਡੀ ਕਿਸਾਨ-ਮਜ਼ਦੂਰ ਪੰਚਾਇਤ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨਾਲ ਸਬੰਧਤ ਵੱਖ-ਵੱਖ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ।

ਅਜੀਤ ਡੈਸਕ 18-09-2026
ਟੋਹਾਣਾ, 17 ਸਤੰਬਰ (ਮਨਜੀਤ ਸਿੰਘ)- ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਵੱਲੋਂ 27 ਸਤੰਬਰ ਨੂੰ ਰਤੀਆ ਦੀ ਅਨਾਜ ਮੰਡੀ ਵਿਖੇ ਵੱਡੀ ਕਿਸਾਨ-ਮਜ਼ਦੂਰ ਪੰਚਾਇਤ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨਾਲ ਸਬੰਧਤ ਵੱਖ-ਵੱਖ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਸਤੰਬਰ ਮਹੀਨੇ ਦੀ ਇਸ ਕਿਸਾਨ-ਮਜ਼ਦੂਰ ਪੰਚਾਇਤ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਜਥੇਬੰਦੀ ਵੱਲੋਂ ਹਲਕਾ ਟੋਹਾਣਾ ਦੇ ਪਿੰਡਾਂ ਤੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸਾਥੀਆਂ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਅੱਜ ਜਾਬਤਾ ਖੇੜਾ, ਦਿਵਾਨਾ, ਢੇਰ, ਗੁਲਰਵਾਲਾ, ਕਾਨਾ ਖੇੜਾ, ਲਲੂਵਾਲ, ਹਿੰਡਾਲਵਾਲਾ, ਹੈਦਰਵਾਲਾ, ਬੁਡਨਪੁਰ, ਗਿਰਨੋ, ਨਥੂਵਾਲ, ਚਿਲ੍ਹੇਵਾਲ, ਮਿਓਂਦ, ਸ਼ੱਕਰਪੁਰਾ, ਧਾਰਸੂਲ ਤੇ ਨਨ੍ਹੇੜੀ ਸਮੇਤ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ 27 ਸਤੰਬਰ ਦੀ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਬੰਧੀ ਪਿੰਡ ਪੂਰਨ ਮਾਜਰਾ ਵਿਖੇ ਕਿਸਾਨਾਂ ਨੂੰ ਸੱਦਾ ਦੇਣ ਲਈ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਦੇ ਸੀਨੀਅਰ ਕਿਸਾਨ ਆਗੂ ਮਨਦੀਪ ਨਥਵਾਨ ਪਹੁੰਚੇ। ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ 27 ਸਤੰਬਰ ਨੂੰ ਰਤੀਆ ਦੀ ਅਨਾਜ ਮੰਡੀ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਦੀ ਆਵਾਜ਼ ਬੁਲੰਦ ਕਰਨ। ਮਨਦੀਪ ਨਥਵਾਨ ਨੇ ਦੱਸਿਆ ਕਿ ਇਸ ਮੌਕੇ ਝੋਨੇ ਦੀ ਫਸਲ ਨਾਲ ਸਬੰਧਤ ਮਸਲੇ, ਡੀ.ਏ.ਪੀ. ਖਾਦ ਦੀ ਕਿੱਲਤ, ਮਜ਼ਦੂਰਾਂ ਦੇ ਰੁਜ਼ਗਾਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਬਿਜਲੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਕੋਸ਼ਿਸ਼ਾਂ ਸਮੇਤ ਕਈ ਮੁੱਦੇ ਵਿਚਾਰੇ ਜਾਣਗੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਲਈ ਰੁਜ਼ਗਾਰ ਦਾ ਵੱਡਾ ਸਹਾਰਾ ਰਹੀ ਮਨਰੇਗਾ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੀ ਲੋੜ ਹੈ ਕਿਉਂਕਿ ਇਸ ਨਾਲ ਜੁੜੇ ਕੰਮ ਪ੍ਰਭਾਵਿਤ ਹੋਣ ਕਾਰਨ ਮਜ਼ਦੂਰਾਂ ਸਾਹਮਣੇ ਰੁਜ਼ਗਾਰ ਦੀ ਸਮੱਸਿਆ ਖੜ੍ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਲਗਾਤਾਰ ਵਧ ਰਹੀ ਹੈ ਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੇ ਭਾਅ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ ਜਦਕਿ ਮਜ਼ਦੂਰਾਂ ਦੀ ਦਿਹਾੜੀ ਵਿੱਚ ਉਸ ਅਨੁਪਾਤ ਵਿੱਚ ਵਾਧਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਹੱਕ ਤੇ ਬਣਦਾ ਮਿਹਨਤਾਨਾ ਮਿਲਣਾ ਚਾਹੀਦਾ ਹੈ। ਮਨਦੀਪ ਨਥਵਾਨ ਨੇ ਦੱਸਿਆ ਕਿ 27 ਸਤੰਬਰ ਦੇ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਦੇ ਬੁੱਤ ਵੱਲ ਵੱਡਾ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਤੇ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਿਆਣਾ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਸ ਪੰਚਾਇਤ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਵੱਲੋਂ ਫਤਿਹਾਬਾਦ ਜ਼ਿਲ੍ਹੇ ਦੇ ਕਰੀਬ 200 ਪਿੰਡਾਂ ਵਿੱਚ ਪਿੰਡ-ਪਿੰਡ ਜਾ ਕੇ 27 ਸਤੰਬਰ ਦੀ ਪੰਚਾਇਤ ਲਈ ਸੱਦਾ ਦਿੱਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਪਿੰਡਾਂ ਵਿੱਚ ਵੀ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਰਤੀਆ ਪਹੁੰਚਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਬਲਾਕ ਟੋਹਾਣਾ ਦੇ ਪ੍ਰਧਾਨ ਮਨਜੀਤ ਸਿੰਘ ਪੂਰਨ ਮਾਜਰਾ ਤੇ ਰਾਮਪਾਲ ਖੋਬੜਾ ਸਮੇਤ ਹੋਰ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮਹਿੰਦਰਾ ਗੱਡੀ ਵਿਚ ਵੱਛੇ ਲਿਜਾ ਰਹੇ ਤਿੰਨ ਜਣੇ ਟੋਹਾਣਾ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਦੋ ਦੁਕਾਨਾਂ ਵਿਚੋਂ ਚੋਰ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਹੋਏ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।