02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

76 ਕਾਲੋਨੀਆਂ ਦੀਆਂ ਸੀਮਾਵਾਂ ਨਿਰਧਾਰਤ ਕਰਨ ਲਈ ਸਰਵੇਖਣ ਅਤੇ ਦਸਤਾਵੇਜ਼ ਤਸਦੀਕ ਸ਼ੁਰੂ : ਮਹਾਂਬੀਰ ਪ੍ਰਸਾਦ

ਅਜੀਤ ਡੈਸਕ 29-07-2026

ਯਮੁਨਾਨਗਰ, 28 ਜੁਲਾਈ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਨੇ 76 ਕਾਲੋਨੀਆਂ ਨੂੰ ਨਿਯਮਿਤ ਕਰਨ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜੋ 1996 ‘ਚ ਤਕਨੀਕੀ ਗਲਤੀ ਕਾਰਨ ਮਨਜ਼ੂਰ ਨਹੀਂ ਹੋੲਂਆਂ ਸਨ। ਇਸ ਸੰਬੰਧ ‘ਚ ਅਧਿਕਾਰੀਆਂ ਦੀ ਇਕ ਮਹੱਤਵਪੂਰਨ ਮੀਟਿੰਗ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਕਾਲੋਨੀਆਂ ਦੀਆਂ ਸੀਮਾਵਾਂ ਨਿਰਧਾਰਤ ਕਰਨ ਅਤੇ 1996 ਤੋਂ ਪਹਿਲਾਂ ਬਣੇ ਘਰਾਂ ਅਤੇ ਇਮਾਰਤਾਂ ਨਾਲ ਸੰਬੰਧਿਤ ਦਸਤਾਵੇਜ਼ ਇਕੱਠੇ ਕਰਨ ਲਈ ਸਰਵੇਖਣ ਕਰਨ ਦਾ ਫ਼ੈਸਲਾ ਕੀਤਾ ਗਿਆ। ਨਿਗਮ ਪ੍ਰਸ਼ਾਸਨ ਵਲੋਂ ਅੱਜ ਜ਼ਮੀਨੀ ਦਸਤਾਵੇਜ਼ ਤਸਦੀਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਨੇ ਦੱਸਿਆ ਕਿ 1996 ‘ਚ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ ‘ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਸਰਵੇਖਣ ਕੀਤਾ ਗਿਆ ਸੀ ਅਤੇ ਰਿਪੋਰਟ ਸ਼ਹਿਰੀ ਸਥਾਨਕ ਸੰਸਥਾਵਾਂ ਵਿਭਾਗ ਨੂੰ ਭੇਜੀ ਗਈ ਸੀ। ਹਾਲਾਂਕਿ ਪੋਰਟਲ ‘ਤੇ ਤਕਨੀਕੀ ਅਤੇ ਸਪੈਲਿੰਗ ਗਲਤੀ ਕਾਰਨ ਵਿਭਾਗ ਨੇ ਕਾਲੋਨੀ ਮਨਜ਼ੂਰ, ਇਮਾਰਤ ਮਨਜ਼ੂਰ ਲਿਖਣ ਦੀ ਬਜਾਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਇਸ ਗ਼ਲਤੀ ਕਾਰਨ ਇਹ ਕਾਲੋਨੀਆਂ ਕਾਗਜ਼ਾਂ ‘ਚ ਮਨਜ਼ੂਰ ਨਹੀਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ 1996 ਦੇ ਨੋਟੀਫਿਕੇਸ਼ਨ ਦੇ ਤਹਿਤ ਕੁੱਲ 76 ਅਜਿਹੀਆਂ ਕਾਲੋਨੀਆਂ ਸਨ, ਜਿਨ੍ਹਾਂ ‘ਚੋਂ 54 ਜਗਾਧਰੀ ‘ਚ ਅਤੇ 22 ਯਮੁਨਾਨਗਰ ਖੇਤਰ ‘ਚ ਸਥਿਤ ਸਨ। ਇਨ੍ਹਾਂ ‘ਚੋਂ 12 ਕਾਲੋਨੀਆਂ ਨੂੰ ਪਹਿਲਾਂ ਹੀ ਨਿਯਮਿਤ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ 64 ਕਾਲੋਨੀਆਂ ਪ੍ਰਵਾਨਗੀ ਮਿਲਣ ਦੇ ਬਾਵਜੂਦ ਅਜੇ ਵੀ ਸਰਕਾਰ ਤੋਂ ਅਗਲੇਰੀ ਪ੍ਰਕਿਰਿਆ ਲਈ ਅੰਤਿਮ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੈਗੂਲਰਾਈਜ਼ੇਸ਼ਨ ਲਈ ਸੀਮਾਵਾਂ ਨਿਰਧਾਰਤ ਕਰਨ ਲਈ ਹਾਲ ਹੀ ‘ਚ ਸਦਨ ‘ਚ ਨਗਰ ਨਿਗਮ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਕਮੇਟੀ ਬਣਾਈ ਗਈ ਸੀ। ਕਮਿਸ਼ਨਰ ਨੇ ਕਿਹਾ ਕਿ ਸੀਮਾਂ-ਸੀਮਾਬੰਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਕਾਲੋਨੀਆਂ ਦੇ ਚਾਰ ਕੋਨਿਆਂ ਅਤੇ ਬਾਹਰੀ ਸੀਮਾਵਾਂ ਦੇ ਮਾਪ ਅਤੇ ਲੇਆਊਟ ‘ਤੇ ਕੰਮ ਤੇਜ਼ ਕੀਤਾ ਜਾਵੇਗਾ ਅਤੇ ਫ਼ਿੰਰ ਅੰਤਿਮ ਪ੍ਰਸਤਾਵ ਤਿਆਰ ਕਰਕੇ ਪ੍ਰਵਾਨਗੀ ਲਈ ਰਾਜ ਸਰਕਾਰ ਨੂੰ ਸੌਂਪਿਆ ਜਾਵੇਗਾ। ਨਿਗਮ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਿਗਮ ਟੀਮਾਂ 1996 ਤੋਂ ਪਹਿਲਾਂ ਬਣੀਆਂ ਇਮਾਰਤਾਂ ਦੇ ਸਬੂਤਾਂ ਦੀ ਪੁਸ਼ਟੀ ਕਰਨ ਲਈ ਕਾਲੋਨੀਆਂ ਦੀਆਂ ਬਾਹਰੀ ਸੀਮਾਵਾਂ ਦੇ ਨਾਲ-ਨਾਲ ਸਰਵੇਖਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਟੀਮ ਨੂੰ ਬਿਜਲੀ ਬਿੱਲ, ਪਾਣੀ ਦਾ ਬਿੱਲ, ਇਮਾਰਤ ਦਾ ਪ੍ਰਵਾਨਿਤ ਸੈਕਸ਼ਨ ਪਲਾਨ ਜਾਂ 1996 ਤੋਂ ਪਹਿਲਾਂ ਦਾ ਕੋਈ ਹੋਰ ਜਾਇਜ਼ ਦਸਤਾਵੇਜ਼ ਦਿਖਾ ਕੇ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਹੱਦਬੰਦੀ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ ਅਤੇ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾ ਸਕੇ। ਮੀਟਿੰਗ ‘ਚ ਵਧੀਕ ਨਗਰ ਨਿਗਮ ਕਮਿਸ਼ਨਰ ਧੀਰਜ ਕੁਮਾਰ, ਡੀ. ਟੀ. ਪੀ. ਰਾਜੇਸ਼ ਕੁਮਾਰ, ਯੋਜਨਾ ਮਾਹਿਰ ਆਸ਼ੀਸ਼ ਸਾਂਗਵਾਨ, ਸਹਾਇਕ ਇੰਜੀਨੀਅਰ ਅਤੇ ਏ. ਟੀ. ਪੀ. ਮ੍ਰਿਣਾਲ ਜੈਸਵਾਲ, ਸਹਾਇਕ ਇੰਜੀਨੀਅਰ ਅਤੇ ਏ. ਟੀ. ਪੀ. ਮੁਨੇਸ਼ਵਰ ਭਾਰਦਵਾਜ, ਅਮਿਤ ਸਿੰਘ, ਜ਼ੈੱਡ. ਟੀ. ਓ. ਅਜੇ ਵਾਲੀਆ, ਰਘੂਬੀਰ ਸਿੰਘ, ਜਤਿੰਦਰ ਮਲਹੋਤਰਾ, ਮਨਪ੍ਰੀਤ ਸਿੰਘ ਤੇ ਸਾਗਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਵਿਦਿਆਰਥੀ ਜਿੱਤ ਵਜੋਂ ਮਨਾਇਆ ਜਾਵੇਗਾ ਇਨਸੋ ਦਾ ਸਥਾਪਨਾ ਦਿਵਸ: ਦਿਗਵਿਜੈ ਸਿੰਘ ਚੌਟਾਲਾ ਅਗਲੀ ਖ਼ਬਰ ਬਲਾਕ ਪੱਧਰੀ ਅੰਡਰ-14 ਖੇਡ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।