08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬਿਜਲੀ-ਪਾਣੀ ਦੀ ਸਮੱਸਿਆ ਨੇ ਟੋਹਾਣਾ ਵਾਸੀਆਂ ਦਾ ਜਿਉਣਾ ਦੁੱਭਰ ਕੀਤਾ ਵਾਰਡ 7 ਦੇ ਲੋਕਾਂ ਨੇ ਵਿਭਾਗ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 19-07-2026
ਟੋਹਾਣਾ, 18 ਜੁਲਾਈ (ਮਨਜੀਤ ਸਿੰਘ) – ਟੋਹਾਣਾ ਵਿੱਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਬੇਸ਼ੱਕ ਟੋਹਾਣਾ ਨੂੰ ਨਹਿਰਾਂ ਦੀ ਨਗਰੀ ਕਿਹਾ ਜਾਂਦਾ ਹੈ, ਪਰ ਸ਼ਹਿਰ ਦੇ ਕਈ ਵਾਰਡਾਂ ਦੇ ਵਸਨੀਕ ਪਾਣੀ ਦੀ ਘਾਟ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਬਿਜਲੀ ਅਤੇ ਜਲ ਸਪਲਾਈ ਵਿਭਾਗ ਵਿਚਾਲੇ ਤਾਲਮੇਲ ਦੀ ਘਾਟ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਵਾਰਡ ਨੰਬਰ 3 ਦੀ ਗੁਪਤਾ ਕਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਸਪਲਾਈ ਬੇਤਰਤੀਬ ਹੈ। ਕਈ ਘਰਾਂ ਵਿੱਚ ਹੱਥ ਧੋਣ ਤੱਕ ਲਈ ਪਾਣੀ ਨਹੀਂ ਬਚਦਾ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਹੁੰਦੀ ਹੈ ਤਾਂ ਪਾਣੀ ਨਹੀਂ ਛੱਡਿਆ ਜਾਂਦਾ ਅਤੇ ਜਦੋਂ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਬਿਜਲੀ ਗੁੱਲ ਹੋਣ ਕਾਰਨ ਲੋਕ ਮੋਟਰਾਂ ਨਹੀਂ ਚਲਾ ਸਕਦੇ। ਵਸਨੀਕਾਂ ਨੇ ਦੋਸ਼ ਲਾਇਆ ਕਿ ਪਾਣੀ ਦੀ ਸਪਲਾਈ ਸੰਭਾਲਣ ਵਾਲੇ ਕਰਮਚਾਰੀਆਂ ਨਾਲ ਕਈ ਵਾਰ ਫੋਨ ‘ਤੇ ਸੰਪਰਕ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਜਗਨ ਨਾਥ ਪੈਟਰੋਲ ਪੰਪ ਨੇੜੇ ਲੱਗੇ ਵਾਲਵ ਕੋਲ ਲੋਕ ਪਾਣੀ ਛੱਡੇ ਜਾਣ ਦੀ ਉਡੀਕ ਕਰਦੇ ਰਹਿੰਦੇ ਹਨ ਤਾਂ ਜੋ ਸਮੇਂ ਸਿਰ ਮੋਟਰਾਂ ਚਲਾ ਕੇ ਆਪਣੇ ਘਰਾਂ ਦੀਆਂ ਟੈਂਕੀਆਂ ਭਰ ਸਕਣ। ਉੱਧਰ ਵਾਰਡ ਨੰਬਰ 7 ਦੇ ਵਸਨੀਕਾਂ ਨੇ ਵੀ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਜਲ ਸਪਲਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਦੀ ਹੋਵੇਗੀ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਜਲੀ ਅਤੇ ਜਲ ਸਪਲਾਈ ਵਿਭਾਗ ਵਿਚਾਲੇ ਤਾਲਮੇਲ ਬਣਾਕੇ ਪਾਣੀ ਦੀ ਨਿਯਮਤ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀ ਇਸ ਮੁੱਢਲੀ ਸਹੂਲਤ ਲਈ ਖੱਜਲ-ਖੁਆਰ ਨਾ ਹੋਣਾ ਪਵੇ।
ਪਿਛਲੀ ਖ਼ਬਰ ਦਮਕੌਰਾ ਪਿੰਡ ਬਿਜਲੀ ਘਰ ਟੋਹਾਣਾ ਪਹੁੰਚਿਆ, ਕਰਮਚਾਰੀਆਂ ਨੂੰ ਦਿੱਤੀ ਚਿਤਾਵਨੀ 32 ਕੇਵੀ ਫੀਡਰ ਤੋਂ ਵਾਰ-ਵਾਰ ਲੱਗ ਰਹੇ ਕ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ 15 ਅਗਸਤ ਦੇ ਜਸ਼ਨਾਂ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।