09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

‘ਦੇਸ਼ ਬਚਾਓ ਮੋਰਚਾ’: ਖੇਤੀ ਤੇ ਕਾਰੋਬਾਰ ਲਈ ‘ਡੈੱਥ ਵਾਰੰਟ’ ਬਣੇਗਾ ਭਾਰਤ-ਅਮਰੀਕਾ ਵਪਾਰ ਸਮਝੌਤਾ ਡੱਬਵਾਲੀ ’ਚ ਕਿਸਾਨਾਂ ਨੇ ਮੋਟਰਸਾਈਕਲ ਰੈਲੀ ਕੱਢ ਕੇ ਕੀਤਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 16-07-2026
ਡੱਬਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਇਥੇ ‘ਦੇਸ਼ ਬਚਾਓ ਮੋਰਚਾ’ ਦੇ ਬੈਨਰ ਹੇਠ ਕਿਸਾਨਾਂ ਨੇ ਰੋਸ ਮੁਜਾਹਰਾ ਕੀਤਾ। ਰਾਸ਼ਟਰੀ ਕਿਸਾਨ ਸੰਗਠਨ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਮੋਟਰਸਾਈਕਲ ਮਾਰਚ ਕੱਢਿਆ। ਵੱਖ-ਵੱਖ ਪਿੰਡਾਂ ਤੋਂ ਕਿਸਾਨ ਡੱਬਵਾਲੀ ਤੋਂ ਗੋਲ ਚੌਕ ਅਤੇ ਚੌਟਾਲਾ ਰੋਡ ਹੁੰਦੇ ਹੋਏ ਮਿੰਨੀ ਸਕੱਤਰੇਤ ਪੁੱਜੇ। ਕਿਸਾਨ ਆਗੂਆਂ ਨੇ ਪ੍ਰਸਤਾਵਿਤ ਸਮਝੌਤੇ ਨੂੰ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਲਈ ‘ਡੈੱਥ ਵਾਰੰਟ’ ਦੱਸਦੇ ਤਹਿਸੀਲਦਾਰ ਸੁਨੀਲ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ। ਇਸ ਮੌਕੇ ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਭਾਟੀ, ਕਿਸਾਨ ਆਗੂ ਮਿੱਠੂ ਕੰਬੋਜ, ਮਨਜੀਤ ਔਢਾਂ, ਖੁਸ਼ਦੀਪ ਹੈਬੂਆਣਾ, ਪ੍ਰੀਤਪਾਲ ਮਾਂਗੇਆਣਾ ਅਤੇ ਗੁਰਮੇਲ ਢਿੱਲੋਂ ਮਟਦਾਦੂ ਮੌਜੂਦ ਸਨ। ਇਸ ਮੌਕੇ ਜਸਬੀਰ ਸਿੰਘ ਭਾਟੀ ਅਤੇ ਮਿੱਠੂ ਕੰਬੋਜ ਨੇ ਸੰਬੋਧਨ ਦੌਰਾਨ ਕਿਹਾ ਕਿ ਜੇਕਰ ਇਹ ਸਮਝੌਤਾ ਲਾਗੂ ਹੋਇਆ ਤਾਂ ਦੇਸ਼ ਦੇ 10 ਕਰੋੜ ਛੋਟੇ ਦੁੱਧ ਉਤਪਾਦਕ ਕਿਸਾਨਾਂ ਦਾ ਆਰਥਿਕ ਲੱਕ ਟੁੱਟ ਜਾਵੇਗਾ। ਕਣਕ, ਮੱਕੀ, ਦਾਲਾਂ, ਕਪਾਹ, ਡੇਅਰੀ, ਮੀਟ-ਪੋਲਟਰੀ ਅਤੇ ਖਾਣ ਵਾਲੇ ਤੇਲ ਦਾ ਕਾਰੋਬਾਰ ਗੰਭੀਰ ਸੰਕਟ ਵਿਚ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਕਾਰਪੋਰੇਟ ਫਾਰਮਾਂ ਨੂੰ ਭਾਰੀ ਸਬਸਿਡੀ ਦਿੰਦੀ ਹੈ, ਜਿਸ ਕਾਰਨ ਉੱਥੇ ਖੇਤੀ ਉਤਪਾਦਨ ਦੀ ਲਾਗਤ ਕਾਫ਼ੀ ਘੱਟ ਰਹਿੰਦੀ ਹੈ। ਜੇ ਸਮਝੌਤੇ ਤਹਿਤ ਭਾਰਤ ਨੇ ਦਰਾਮਦ ਡਿਊਟੀ ਘਟਾਈ ਤਾਂ ਅਮਰੀਕਾ ਦਾ ਸਸਤਾ ਮੱਕੀ, ਕਣਕ, ਸੋਇਆਬੀਨ ਤੇਲ ਅਤੇ ਪੋਲਟਰੀ ਉਤਪਾਦ ਭਾਰਤੀ ਬਾਜ਼ਾਰ ਵਿਚ ਆ ਜਾਣਗੇ। ਇਸ ਨਾਲ ਸਥਾਨਕ ਭਾਅ ਐੱਮਐੱਸਪੀ ਤੋਂ ਹੇਠਾਂ ਜਾ ਸਕਦੇ ਹਨ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ। ਕਿਸਾਨ ਆਗੂਆਂ ਨੇ ਡੇਅਰੀ ਖੇਤਰ ਸਬੰਧੀ ਵੱਡੀ ਚਿੰਤਾ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ‘ਚ ਗਾਵਾਂ ਨੂੰ ‘ਬੋਨ ਮੀਲ’ (ਹੱਡੀਆਂ ਦਾ ਚੂਰਾ) ਖੁਆਇਆ ਜਾਂਦਾ ਹੈ ਅਤੇ ਉੱਥੋਂ ਦਾ ਵਾਧੂ ਪਨੀਰ ਭਾਰਤੀ ਬਾਜ਼ਾਰ ‘ਚ ਉਤਾਰਨ ਦੀ ਤਿਆਰੀ ਹੈ। ਇਸ ਨਾਲ ਧਾਰਮਿਕ ਭਾਵਨਾਵਾਂ ਦੇ ਨਾਲ-ਨਾਲ ਅਮੂਲ ਜਿਹੇ ਸਹਿਕਾਰੀ ਅਦਾਰਿਆਂ ਨੂੰ ਵੀ ਨੁਕਸਾਨ ਪੁੱਜੇਗਾ।
ਪਿਛਲੀ ਖ਼ਬਰ ਕਈ ਮਹੀਨਿਆਂ ਤੋਂ ਦਹਿਸ਼ਤ ਦਾ ਕਾਰਨ ਬਣੇ ਘੋੜਾ ਪਛਾੜ ਸੱਪ ਕੀਤਾ ਕਾਬੂ, ਪਿੰਡ ਵਾਸੀਆਂ ਨੇ ਲਿਆ ਸੁੱਖ ਦਾ ਸਾਹ ਅਗਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਚੱਲ ਰਹੇ ਇਕੋਤਰੀ ਸਮਾਗਮਾਂ ਦੌਰਾਨ ਧਾਰਮਿਕ ਰੂਹਾਨੀ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।