15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੰਤਾਂ-ਮਹਾਂਪੁਰਸ਼ਾਂ ਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅਪਣਾਓ-ਕੇਂਦਰੀ ਮੰਤਰੀ ਮਨੋਹਰ ਲਾਲ

ਕਰਨਾਲ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਪਹਿਲੀ ਵਿਖੇ ਸੰਨੀ ਓਬਰਾਏ ਕਲੀਨਿਕਲ ਲੈਬ ਤੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਮੰਤਰੀ ਮਨੋਹਰ ਲਾਲ | ਤਸਵੀਰ : ਗੁਰਮੀਤ ਸਿੰਘ ਸੱਗੂ <br/> 22-02-2026
ਕਰਨਾਲ, 21 ਫਰਵਰੀ (ਗੁਰਮੀਤ ਸਿੰਘ ਸੱਗੂ)-ਕੇਂਦਰੀ ਊਰਜਾ, ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੰਤਾਂ-ਮਹਾਂਪੁਰਸ਼ਾਂ ਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਨਾਲ ਖੁਸ਼ੀ, ਖੁਸ਼ਹਾਲੀ ਅਤੇ ਸਮਾਜ ਸੇਵਾ ਦੀ ਪ੍ਰੇਰਨਾ ਮਿਲਦੀ ਹੈ | ਉਹ ਅੱਜ ਕਰਨਾਲ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਪਹਿਲੀ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ | ਲੈਬ ਦਾ ਉਦਘਾਟਨ ਕਰਨ ਤੋਂ ਪਹਿਲਾਂ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਪ੍ਰਾਚੀਨ ਸ਼ਿਵ ਮੰਦਰ ਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੱਥਾ ਟੇਕਿਆ | ਇਸ ਮੌਕੇ ਸਿੱਖ ਭਾਈਚਾਰੇ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਤੇ ਟਰੱਸਟੀ ਡਾ. ਐਸ. ਪੀ. ਸਿੰਘ ਓਬਰਾਏ ਦਾ ਸ੍ਰੀ ਸਾਹਿਬ ਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੁਰਬਾਨੀ ਤੇ ਸਮਰਪਣ ਦੀ ਕੋਈ ਸੀਮਾ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਰ ਡਾ. ਐਸ. ਪੀ. ਓਬਰਾਏ ਵੀ ਇਸੇ ਤਰ੍ਹਾਂ ਦੇ ਦਿ੍ਸ਼ਟੀਕੋਣ ਨਾਲ ਕੰਮ ਕਰ ਰਹੇ ਹਨ | ਡਾ. ਓਬਰਾਏ ਨੇ ਆਪਣੀ ਆਮਦਨ ਦਾ 96 ਫ਼ੀਸਦੀ ਹਿੱਸਾ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਹੈ ਤੇ ਉਹ ਦੁਬਈ ਵਰਗੇ ਸ਼ਹਿਰਾਂ 'ਚ ਵੀ ਦੇਸ਼ ਵਾਸੀਆਂ ਦੀ ਮਦਦ ਕਰਦੇ ਹਨ | ਅੱਜ ਕਰਨਾਲ ਤੇ ਪਾਣੀਪਤ ਜ਼ਿਲਿ੍ਹਆਂ 'ਚ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕੀਤਾ ਗਿਆ | ਇਸੇ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕਰਦਿਆਂ ਡਾ. ਐਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਕਰਨਾਲ ਤੇ ਪਾਣੀਪਤ ਲੈਬਾਂ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਪ੍ਰੇਰਨਾ ਤਹਿਤ ਸਥਾਪਿਤ ਕੀਤੀਆਂ ਗਈਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਟਰੱਸਟ ਨੇ 13 ਸੂਬਿਆਂ 'ਚ ਲਗਪਗ 150 ਲੈਬਾਂ ਸਥਾਪਿਤ ਕੀਤੀਆਂ ਹਨ ਜੋ ਕਿ ਲੋਕਾਂ ਨੂੰ ਲਾਭ ਪ੍ਰਦਾਨ ਕਰ ਰਹੀਆਂ ਹਨ ਤੇ ਇਨ੍ਹਾਂ ਲੈਬਾਂ ਰਾਹੀਂ ਪਿਛਲੇ ਸਾਲ ਲਗਪਗ 27 ਲੱਖ ਲੋਕਾਂ ਨੇ ਸਸਤੇ ਰੇਟਾਂ 'ਤੇ ਟੈਸਟ ਕੀਤੇ ਗਏ ਹਨ | ਉਨ੍ਹਾਂ ਐਲਾਨ ਕੀਤਾ ਕਿ ਕਰਨਾਲ 'ਚ ਫਿਜ਼ੀਓਥੈਰੇਪੀ ਲੈਬ ਤੇ ਡੈਂਟਲ ਸੈਂਟਰ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਵਾਸਤੇ ਜਗ੍ਹਾ ਦੀ ਲੋੜ ਹੈ | ਇਸ ਮੌਕੇ ਮੁੱਖ ਮੰਤਰੀ ਦੇ ਓ. ਐਸ. ਡੀ. ਡਾ. ਪ੍ਰਭਲੀਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਗੁਰੂਆਂ ਸਾਹਿਬਾਨ ਤੇ ਮਹਾਂਪੁਰਸ਼ਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਤੋਂ ਲੈ ਕੇ ਅਜਾਇਬ ਘਰ ਤੱਕ ਸਥਾਪਿਤ ਕਰਵਾ ਰਹੇ ਹਨ | ਉਨ੍ਹਾਂ ਇਸ ਬਦਲੇ ਮਨੋਹਰ ਲਾਲ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸਟੇਜ ਦਾ ਸੰਚਾਲਨ ਕਰਦੇ ਹੋਏ ਗੁਲਾਬ ਸਿੰਘ ਮੂਨਕ ਨੇ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਿੱਖ ਭਾਈਚਾਰੇ ਲਈ ਕਈ ਕੰਮ ਕੀਤੇ ਹਨ ਤੇ ਸਦਾ ਸਿੱਖ ਭਾਈਚਾਰੇ ਨੂੰ ਪੂਰਨ ਸਤਿਕਾਰ ਦਿੱਤਾ ਹੈ | ਇਸ ਮੌਕੇ ਵਿਧਾਇਕ ਜਗਮੋਹਨ ਆਨੰਦ, ਮੇਅਰ ਰੇਣੂ ਬਾਲਾ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ, ਸੰਸਦ ਮੈਂਬਰ ਕਵਿੰਦਰ ਰਾਣਾ, ਚੇਅਰਪਰਸਨ ਮੇਘਾ ਭੰਡਾਰੀ, ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਮੀਤ ਪ੍ਰਧਾਨ ਸੁਭਾਸ਼ ਚੰਦਰ, ਹਰਿਆਣਾ ਸੈਨੀਟੇਸ਼ਨ ਕਮਿਸ਼ਨ ਦੇ ਮੀਤ ਪ੍ਰਧਾਨ ਆਜ਼ਾਦ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇ. ਇਕਬਾਲ ਸਿੰਘ, ਮਹੰਤ ਕਰਮਜੀਤ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਬਾਬੂ ਸਿੰਘ ਨਿਸਿੰਗ, ਬਾਬਾ ਜੋਗਾ ਸਿੰਘ ਤਰਾਵੜੀ, ਕਰਨੈਲ ਸਿੰਘ, ਲਖਵਿੰਦਰ ਸਿੰਘ ਸਾਈਾ, ਸਰਪੰਚ ਰਿਸ਼ੀਪਾਲ ਲਾਡੀ, ਭਾਜਪਾ ਆਗੂ ਬਿ੍ਜ ਗੁਪਤਾ, ਤਰਲੋਚਨ ਸਿੰਘ, ਅਸ਼ੋਕ ਖੁਰਾਣਾ, ਹਰਮੀਤ ਸਿੰਘ ਹੈਪੀ, ਰਤਨ ਸਿੰਘ ਸੱਗੂ, ਇੰਦਰਪਾਲ ਸਿੰਘ, ਕਿਸ਼ੋਰ ਨਾਗਪਾਲ, ਕੌਂਸਲਰ ਸੰਕਲਪ ਦੀਵਾਨੀ ਤੇ ਰਾਜਪਾਲ ਸਿੰਘ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਪੰਜਾਬੀ ਭਾਸ਼ਾ ਵਿਸ਼ੇ 'ਤੇ ਵਿਸ਼ੇਸ਼ ਭਾਸ਼ਨ 24 ਨੂੰ ਅਗਲੀ ਖ਼ਬਰ ਪੰਜਾਬੀ ਸਮੇਤ ਸਾਰੀਆਂ ਮਾਤ ਭਾਸ਼ਾਵਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਹਨ-ਸਚਦੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।