09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਹਾਤਮਾ ਗਾਂਧੀ ਦੀ ਬਰਸੀ ਮੌਕੇ ਮਨਰੇਗਾ ਦਾ ਨਾਂਅ ਬਦਲੇ ਜਾਣ 'ਤੇ ਕਾਂਗਰਸੀਆਂ ਵਲੋਂ ਪ੍ਰਦਰਸ਼ਨ

ਅਜੀਤ ਡੈਸਕ 31-01-2026
ਸਿਰਸਾ, 30 ਜਨਵਰੀ (ਭੁਪਿੰਦਰ ਪੰਨੀਵਾਲੀਆ)-ਮਹਾਤਮਾ ਗਾਂਧੀ ਦੀ ਬਰਸੀ ਮੌਕੇ ਮਨਰੇਗਾ ਦਾ ਨਾਂਅ ਬਦਲੇ ਜਾਣ 'ਤੇ ਕਾਂਗਰਸੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਭਾਜਪਾ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ | ਕਾਂਗਰਸੀ ਆਗੂ ਤੇ ਵਰਕਰ ਅਨਾਜ ਮੰਡੀ ਸਥਿਤ ਗਾਂਧੀ ਪਾਰਕ 'ਚ ਇਕੱਠੇ ਹੋਏ ਜਿਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਫੁੱਲ ਚੜ੍ਹਾਏ ਤੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਭਾਰਤੀ ਆਜ਼ਾਦੀ ਸੰਗਰਾਮ ਦੇ ਇਕ ਮਹਾਨ ਨੇਤਾ ਸਨ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਭਾਰਤੀਆਂ ਨੂੰ ਇਕਜੁੱਟ ਕੀਤਾ ਅਤੇ ਅਹਿੰਸਾ ਦੇ ਮਾਰਗ 'ਤੇ ਚੱਲ ਕੇ ਆਜ਼ਾਦੀ ਪ੍ਰਾਪਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਲੋਕਾਂ ਨੂੰ ਸੱਚਾਈ, ਸੰਜਮ ਤੇ ਅਹਿੰਸਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸ਼ਾਸਨ ਕਾਲ ਦੌਰਾਨ ਮਹਾਤਮਾ ਗਾਂਧੀ ਦੇ ਨਾਂਅ 'ਤੇ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਹੁਣ ਭਾਜਪਾ ਸਰਕਾਰ ਖਤਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਕਾਲਾਂਵਾਲੀ ਤੋਂ ਪਾਰਟੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਮਨਰੇਗਾ ਨੇ ਪੇਂਡੂ ਭਾਰਤ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਵਿਚ ਇਤਿਹਾਸਕ ਭੂਮਿਕਾ ਨਿਭਾਈ ਹੈ | ਇਸ ਯੋਜਨਾ ਰਾਹੀਂ ਲੱਖਾਂ ਪਰਿਵਾਰਾਂ ਨੂੰ ਹਰ ਸਾਲ 100 ਦਿਨਾਂ ਦਾ ਰੁਜ਼ਗਾਰ ਮਿਲਦਾ ਹੈ ਅਤੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਮਨਰੇਗਾ ਬਜਟ ਨੂੰ ਲਗਾਤਾਰ ਘਟਾ ਰਹੀ ਹੈ | ਇਸ ਦੌਰਾਨ ਏਲਨਾਬਾਦ ਤੋਂ ਕਾਂਗਰਸ ਵਿਧਾਇਕ ਭਰਤ ਸਿੰਘ ਬੇਨੀਵਾਲ ਨੇ ਕਿਹਾ ਕਿ ਮਨਰੇਗਾ ਸਿਰਫ਼ ਇਕ ਯੋਜਨਾ ਨਹੀਂ ਹੈ, ਸਗੋਂ ਗਰੀਬਾਂ ਦਾ ਕਾਨੂੰਨੀ ਹੱਕ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਖਤਮ ਨਹੀਂ ਹੋਣ ਦਿੱਤਾ ਜਾਵੇਗਾ | ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਓ. ਐਸ. ਡੀ. ਡਾ. ਕੇ. ਵੀ. ਸਿੰਘ ਨੇ ਕਿਹਾ ਕਿ ਕਾਂਗਰਸ ਗਰੀਬਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬਣੇਗੀ ਅਤੇ ਸਰਕਾਰ ਨੂੰ ਆਪਣੀਆਂ ਲੋਕ ਵਿਰੋਧੀ ਨੀਤੀਆਂ ਤੋਂ ਪਿੱਛੇ ਹਟਣ ਲਈ ਮਜਬੂਰ ਕਰੇਗੀ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਨਰੇਗਾ ਤਹਿਤ 200 ਦਿਨ ਦਾ ਕੰਮ ਯਕੀਨੀ ਬਣਾਏ ਅਤੇ ਮਹਿੰਗਾਈ ਦੇ ਅਨੁਸਾਰ ਮਜ਼ਦੂਰੀ ਦਰ ਵਧਾਏ | ਇਸ ਮੌਕੇ ਨਵੀਨ ਕੇਡੀਆ, ਅਮੀਰ ਚਾਵਲਾ, ਵੀਰਭਾਨ ਮਹਿਤਾ, ਸੰਦੀਪ ਨਹਿਰਾ, ਉਰਮਿਲ ਭਾਰਦਵਾਜ, ਆਨੰਦ ਬਿਆਨੀ, ਸੁਭਾਸ਼ ਜੋਧਪੁਰੀਆ, ਸੁਮਿਤ ਬੈਣੀਵਾਲ, ਲੱਾਧੂ ਰਾਮ ਪੂਨੀਆ, ਗਜਾਨੰਦ ਸੋਨੀ, ਪ੍ਰਦੀਪ ਸੈਣੀ, ਰਾਮਦਾਸ ਬਜਾਜ, ਸੁਰਜੀਤ ਭਾਵਦੀਨ, ਰਤਨ ਗਦਾਰ, ਆਜ਼ਾਦ ਨੇ ਕਲਿਆਣੂ, ਮਾ. ਦਲੀਪ, ਸਾਹੀਰਾਮ ਸਹਾਰਨ ਆਦਿ ਸਮੇਤ ਕਈ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਦਾਮਲਾ ਪੌਲੀਟੈਕਨਿਕ ਦੇ ਐਨ. ਐਸ. ਐਸ. ਵਲੰਟੀਅਰਾਂ ਨੂੰ 'ਸਾਂਝੀ ਰੋਟੀ' ਪ੍ਰੋਗਰਾਮ ਰਾਹੀਂ ਸਾਂਝਾ ਕਰਨ ਦਾ ਅਰਥ ਸਿਖਾਇਆ... ਅਗਲੀ ਖ਼ਬਰ ਫਲੈਗ ਫਾਊਾਡੇਸ਼ਨ ਆਫ਼ ਇੰਡੀਆ ਨੇ ਰਾਸ਼ਟਰੀ ਝੰਡਾ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਚੀਕਾ 'ਚ ਨੌਜਵਾਨਾਂ ਨੂੰ ਕੀਤਾ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।