25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

25-08-2026

25-08-2026

ਅਜੀਤ ਡੈਸਕ 25-08-2026

ਸੁਪਰੀਮ ਕੋਰਟ ਦੀ ਚਿੰਤਾ


ਹਾਲ ਹੀ ਵਿਚ ਸੁਪਰੀਮ ਕੋਰਟ ਨੇ ਇਕ ਪਟੀਸ਼ਨ ਤੇ ਸੁਣਵਾਈ ਕੀਤੀ ਹੈ, ਜਿਸ 'ਚ ਡਰੱਗ ਮਾਫੀਆ ਨੈੱਟਵਰਕ ਨੂੰ  ਰੋਕਣ ਅਤੇ ਐਨ.ਡੀ.ਪੀ.ਸੀ ਐਕਟ ਨਾਲ ਸੰਬੰਧਿਤ ਮਾਮਲਿਆਂ ਵਿਚ ਜਾਂਚ ਤੇ ਨਿਆਂਇਕ ਪ੍ਰਕਿਰਿਆ ਨੂੰ  ਸੁਚਾਰੂ ਬਣਾਉਣ ਦੀ ਮੰਗ ਕੀਤੀ ਗਈ ਹੈ | ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨੂੰ  ਇਕ ਗੰਭੀਰ ਸਮੱਸਿਆ ਦੱਸਿਆ ਹੈ | ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦਾ ਫੈਲਾਅ ਦੇਸ਼ ਭਰ ਵਿਚ ਫੈਲ ਰਿਹਾ ਹੈ | ਦੇਖੋ, ਪੰਜਾਬ ਵਿਚ ਕੀ ਹੋ ਰਿਹਾ ਹੈ?
ਨੌਜਵਾਨੀ ਲਗਾਤਾਰ ਖ਼ਤਮ ਹੋ ਰਹੀ ਹੈ | ਇਥੋਂ ਤੱਕ ਕਿ ਕਬੱਡੀ ਖਿਡਾਰੀ ਵੀ ਨਸ਼ਿਆਂ ਦੀ ਲਪੇਟ ਵਿਚ ਆ ਰਹੇ ਹਨ | ਚਿੰਤਾ ਜ਼ਾਹਿਰ ਕਰਦਿਆਂ ਚੀਫ਼ ਜਸਟਿਸ ਨੇ ਕਿਹਾ ਕਿ ਨਸ਼ੇੜੀ ਹੁਣ ਤਾਂ ਆਪਣੇ ਮਾਪਿਆਂ ਦਾ ਵੀ ਕਤਲ ਕਰ ਰਹੇ ਹਨ | ਨਸ਼ਾ ਖਾਣ ਲਈ ਆਪਣੀ ਜੰਮੀ ਔਲਾਦ ਨੂੰ  ਵੀ ਕਈਆਂ ਨੇ ਤਾਂ ਵੇਚ ਦਿੱਤਾ ਹੈ | ਨਸ਼ਾ ਖਾਣ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ | ਇਨਸਾਨੀਅਤ ਖ਼ਤਮ ਹੋ ਚੁੱਕੀ ਹੈ |
ਸਰਹੱਦ ਨੇੜਿਓਾ ਡਰੋਨਾਂ ਰਾਹੀਂ ਲਗਾਤਾਰ ਨਸ਼ੇ ਦੀ ਸਪਲਾਈ ਹੋ ਰਹੀ ਹੈ | ਇੱਥੋਂ ਤੱਕ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਚਲਾਈ ਗਈ ਹੈ | ਵੱਖ-ਵੱਖ ਸੂਬਿਆਂ ਅੰਦਰ ਪੁਲਿਸ ਅਧਿਕਾਰੀਆਂ ਵਲੋਂ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ | 


-ਸੰਜੀਵ ਸਿੰਘ ਸੈਣੀ,
ਮੁਹਾਲੀ |

 

ਸਮੇਂ ਦੀ ਕਦਰ ਜ਼ਰੂਰੀ


ਸਮਾਂ ਮਨੁੱਖੀ ਜੀਵਨ ਦੀ ਸਭ ਤੋਂ ਕੀਮਤੀ ਦੌਲਤ ਹੈ | ਧਨ, ਵਸਤੂਆਂ ਅਤੇ ਹੋਰ ਚੀਜ਼ਾਂ ਗੁਆ ਕੇ ਦੁਬਾਰਾ ਹਾਸਿਲ ਕੀਤੀਆਂ ਜਾ ਸਕਦੀਆਂ ਹਨ, ਪਰ ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ | ਇਸ ਲਈ ਹਰ ਮਨੁੱਖ ਨੂੰ  ਸਮੇਂ ਦੀ ਕਦਰ ਕਰਨੀ ਚਾਹੀਦੀ ਹੈ | ਜਿਹੜਾ ਵਿਅਕਤੀ ਸਮੇਂ ਦੀ ਸਹੀ ਵਰਤੋਂ ਕਰਦਾ ਹੈ, ਉਹ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ | ਵਿਦਿਆਰਥੀਆਂ ਨੂੰ  ਪੜ੍ਹਾਈ, ਖੇਡਾਂ, ਆਰਾਮ ਅਤੇ ਹੋਰ ਗਤੀਵਿਧੀਆਂ ਲਈ ਸਮਾਂ-ਸਾਰਣੀ ਬਣਾਉਣੀ ਚਾਹੀਦੀ ਹੈ | ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਅਨੁਸ਼ਾਸਿਤ, ਮਿਹਨਤੀ ਅਤੇ ਜ਼ਿੰਮੇਵਾਰ ਬਣਦਾ ਹੈ | ਸਾਨੂੰ ਸਮੇਂ ਨੂੰ  ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਗੋਂ ਇਸ ਦੀ ਸਹੀ ਵਰਤੋਂ ਕਰਕੇ ਆਪਣੇ ਵਰਤਮਾਨ ਨੂੰ  ਬਿਹਤਰ ਅਤੇ ਭਵਿੱਖ ਨੂੰ  ਸੁਨਹਿਰਾ ਬਣਾਉਣਾ ਚਾਹੀਦਾ ਹੈ |


- ਦਲਜੀਤ ਸਿੰਘ ਬਾਜਵਾ,
ਫ਼ਤਹਿਗੜ੍ਹ ਸਾਹਿਬ

ਆਪਣੀ ਅਹਿਮੀਅਤ


ਇਨਸਾਨ ਦੀ ਅਸਲੀ ਖੂਬਸੂਰਤੀ ਉਸ ਦੇ ਚਿਹਰੇ, ਕੱਪੜਿਆਂ ਜਾਂ ਦਿਖਾਵੇ ਵਿਚ ਨਹੀਂ ਹੁੰਦੀ | ਸਮੇਂ ਦੇ ਨਾਲ ਰੰਗ ਫਿੱਕੇ ਪੈ ਜਾਂਦੇ ਹਨ, ਉਮਰ ਚਿਹਰੇ ਦੀ ਚਮਕ ਘਟਾ ਦਿੰਦੀ ਹੈ, ਪਰ ਚੰਗਾ ਸੁਭਾਅ, ਸੱਚਾ ਪਿਆਰ ਅਤੇ ਦੂਜਿਆਂ ਲਈ ਕੀਤੀ ਪਰਵਾਹ ਕਦੇ ਪੁਰਾਣੀ ਨਹੀਂ ਹੁੰਦੀ | ਜ਼ਿੰਦਗੀ ਵਿਚ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ, ਪਰ ਇਸ ਤੋਂ ਵੀ ਵੱਧ ਜ਼ਰੂਰੀ ਹੈ ਕਿ ਅਸੀਂ ਕਿਸੇ ਲਈ ਲੋੜੀਂਦੇ ਬਣੀਏ | ਜਦੋਂ ਸਾਡੀ ਹਾਜ਼ਰੀ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਵੇ, ਜਦੋਂ ਸਾਡੇ ਸ਼ਬਦ ਕਿਸੇ ਦਾ ਹੌਸਲਾ ਬਣਨ, ਜਦੋਂ ਸਾਡਾ ਸਾਥ ਕਿਸੇ ਦੀ ਤਾਕਤ ਬਣੇ ਉਸ ਵੇਲੇ ਸਾਡੀ ਅਸਲੀ ਖ਼ੂਬਸੂਰਤੀ ਸਾਹਮਣੇ ਆਉਂਦੀ ਹੈ |
ਰਿਸ਼ਤੇ ਰੂਪ ਨਾਲ ਨਹੀਂ, ਰੂਹ ਨਾਲ ਨਿਭਦੇ ਹਨ | ਚਿਹਰਾ ਅੱਖਾਂ ਨੂੰ  ਚੰਗਾ ਲੱਗ ਸਕਦਾ ਹੈ, ਪਰ ਚੰਗਾ ਦਿਲ ਸਿੱਧਾ ਦਿਲ ਵਿਚ ਵਸ ਜਾਂਦਾ ਹੈ | ਇਸ ਲਈ ਕੋਸ਼ਿਸ ਇਹ ਨਹੀਂ ਹੋਣੀ ਚਾਹੀਦੀ ਕਿ ਲੋਕ ਸਾਡੀ ਸ਼ਕਲ ਦੀ ਤਾਰੀਫ਼ ਕਰਨ, ਸਗੋਂ ਇਹ ਹੋਵੇ ਕਿ ਸਾਡਾ ਚਰਿੱਤਰ, ਸਾਡੀ ਇਨਸਾਨੀਅਤ ਅਤੇ ਸਾਡਾ ਵਿਵਹਾਰ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਵੇ | ਅਸਲ ਖ਼ੂਬਸੂਰਤੀ ਉਹ ਨਹੀਂ ਜੋ ਸ਼ੀਸ਼ੇ ਵਿਚ ਨਜ਼ਰ ਆਵੇ, ਸਗੋਂ ਉਹ ਹੈ ਜੋ ਕਿਸੇ ਦੀ ਜ਼ਿੰਦਗੀ ਵਿਚ ਆਪਣੀ ਅਹਿਮੀਅਤ ਅਤੇ ਆਪਣੇ ਚੰਗੇ ਕਰਮਾਂ ਰਾਹੀਂ ਮਹਿਸੂਸ ਹੋਵੇ |


-ਮੰਜੂ ਰਾਇਕਾ (ਪਿ੍ਥਵੀਰਾਜ)
ਸੰਗਰੂਰ |

ਜ਼ਿੰਦਗੀ ਖ਼ੂਬਸੂਰਤ ਹੈ


ਜ਼ਿੰਦਗੀ ਖੂਬਸੂਰਤ ਹੈ | ਇਹ ਖੂਬਸੂਰਤੀ ਨਾ ਤਾਂ ਮਹਿੰਗੀਆਂ ਚੀਜ਼ਾਂ ਵਿਚ ਹੈ ਤੇ ਨਾ ਹੀ ਵੱਡੇ ਮਹਿਲਾਂ ਵਿਚ ਮਿਲ ਸਕਦੀ ਹੈ | ਇਹ ਤਾਂ ਉਸ ਮਾਂ ਦੀ ਥੱਕੀ ਹੋਈ ਪਰ ਪਿਆਰ ਭਰੀ ਮੁਸਕਰਾਹਟ ਵਿਚ ਹੈ, ਜੋ ਬੱਚਿਆਂ ਲਈ ਰਾਤ-ਦਿਨ ਇਕ ਕਰ ਦਿੰਦੀ ਹੈ | ਇਹ ਉਸ ਕਿਸਾਨ ਦੀ ਮਿਹਨਤ ਵਿਚ ਹੈ, ਜੋ ਧੁੱਪ-ਛਾਂ ਇਕ ਕਰਕੇ ਸਾਡੇ ਲਈ ਅਨਾਜ ਉਗਾਉਂਦਾ ਹੈ |  ਇਹ ਉਸ ਅਧਿਆਪਕ ਦੇ ਧੀਰਜ ਵਿਚ ਹੈ ਜੋ ਇਕ-ਇਕ ਬੱਚੇ ਨੂੰ  ਕਲਮ ਫੜਾਉਣਾ ਸਿਖਾਉਂਦਾ ਹੈ | ਜ਼ਿੰਦਗੀ ਖ਼ੂਬਸੂਰਤ ਹੈ | 
ਇਹ ਖੂਬਸੂਰਤੀ ਨਾ ਤਾਂ ਮਹਿੰਗੀਆਂ ਚੀਜ਼ਾਂ ਵਿਚ ਹੈ, ਨਾ ਹੀ ਵੱਡੇ ਮਹਿਲਾਂ ਵਿਚ | ਜ਼ਿੰਦਗੀ ਨੂੰ  ਖ਼ੂਬਸੂਰਤ ਬਣਾਉਣ ਦਾ ਰਾਜ਼ ਬਹੁਤ ਸਾਦਾ ਹੈ-ਸ਼ੁਕਰ ਕਰਨਾ | ਜੋ ਹੈ ਉਸ ਦਾ ਸ਼ੁਕਰ, ਜੋ ਨਹੀਂ ਹੈ ਉਸ ਦੇ ਲਈ ਉਮੀਦ | ਰੁੱਖ ਲਗਾਓ, ਕਿਸੇ ਦੀ ਮਦਦ ਕਰੋ, ਬਜ਼ੁਰਗਾਂ ਦਾ ਦੁੱਖ-ਸੁੱਖ ਪੁੱਛੋ |
ਦੇਖੋ ਕਿਵੇਂ ਤੁਹਾਡੀ ਜ਼ਿੰਦਗੀ ਅਤੇ ਦੂਜਿਆਂ ਦੀ ਜ਼ਿੰਦਗੀ ਦੋਵੇਂ ਰੌਸ਼ਨ ਹੋ ਜਾਂਦੀਆਂ ਹਨ | ਆਓ, ਅਸੀਂ ਸਾਰੇ ਮਿਲ ਕੇ ਇਹ ਪ੍ਰਣ ਕਰੀਏ ਕਿ ਅਸੀਂ ਨਾ ਸਿਰਫ਼ ਆਪਣੀ ਜ਼ਿੰਦਗੀ ਨੂੰ  ਖੂਬਸੂਰਤ ਬਣਾਵਾਂਗੇ, ਸਗੋਂ ਦੂਜਿਆਂ ਦੀ ਜ਼ਿੰਦਗੀ ਵਿਚ ਵੀ ਰੰਗ ਭਰਾਂਗੇ, ਕਿਉਂਕਿ ਜ਼ਿੰਦਗੀ ਸੱਚਮੁੱਚ ਖੂਬਸੂਰਤ ਹੈ |

-ਗੌਰਵ ਮੁੰਜਾਲ
ਪੀ.ਸੀ.ਐਸ.

ਪਿਛਲੀ ਖ਼ਬਰ ਮੁਕੇਰੀਆਂ ਹਲਕੇ ’ਚ ਨਵੇਂ ਆਗੂਆਂ ਨੂੰ ਸਰਵਾਰ ਵਲੋਂ ਅਹੁਦੇ ਦੇਣ ’ਤੇ ‘ਆਪ’ ਵਰਕਰਾਂ ਨੇ ਜਤਾਇਆ ਰੋਸ ਅਗਲੀ ਖ਼ਬਰ ਖੇਡ ਗਰਾਊਂਡ, ਸਰਕਾਰੀ ਸਕੂਲ ਅਤੇ ਨਿੱਜੀ ਸਕੂਲ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਦੀ ਕੰਧ ’ਤੇ ਲਿਖੇ ‘ਸ਼ਹੀਦ ਦਿਲਾਵਰ ਬੱਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।