ਸੁਰੱਖਿਆ ਪ੍ਰੀਸ਼ਦ ਲਈ ਭਾਰਤ ਵਲੋਂ ਕੂਟਨੀਤਕ ਮੁਹਿੰਮ ਤੇਜ਼
ਨਿਊਯਾਰਕ ’ਚ ਜੈਸ਼ੰਕਰ ਵਲੋਂ ਅਹਿਮ ਮੀਟਿੰਗਾਂ
ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ 2028-29 ਲਈ ਗੈਰ-ਸਥਾਈ ਮੈਂਬਰ ਬਣਨ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਲਈ ਭਾਰਤ ਨੇ ਕੂਟਨੀਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਲਈ ਨਿਊਯਾਰਕ ਪਹੁੰਚੇ ਵਿਦੇਸ਼ ਮੰਤਰੀ ਐੱਸ.
ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ 2028-29 ਲਈ ਗੈਰ-ਸਥਾਈ ਮੈਂਬਰ ਬਣਨ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਲਈ ਭਾਰਤ ਨੇ ਕੂਟਨੀਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਲਈ ਨਿਊਯਾਰਕ ਪਹੁੰਚੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੇ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਭਾਰਤ ਹੁਣ ਤੱਕ ਅੱਠ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਗੈਰ-ਸਥਾਈ ਮੈਂਬਰ ਚੁਣਿਆ ਜਾ ਚੁੱਕਾ ਹੈ। ਪਿਛਲੇ ਕਈ ਮੌਕਿਆਂ ’ਤੇ ਏਸ਼ੀਆ-ਪ੍ਰਸ਼ਾਂਤ ਸਮੂਹ ਵਲੋਂ ਭਾਰਤ ਇਕੱਲਾ ਉਮੀਦਵਾਰ ਰਿਹਾ ਹੈ, ਪਰ ਇਸ ਵਾਰ ਤਾਜਿ ਕਿਸਤਾਨ ਨੇ ਵੀ ਇਸੇ ਸੀਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਕਾਰਨ ਭਾਰਤ ਲਈ ਵੱਖ-ਵੱਖ ਦੇਸ਼ਾਂ ਦਾ ਸਮਰਥਨ ਹਾਸਲ ਕਰਨਾ ਇਸ ਸਾਲ ਦੀਆਂ ਅਹਿਮ ਕੂਟਨੀਤਕ ਤਰਜੀਹਾਂ ’ਚ ਸ਼ਾਮਿਲ ਹੈ। ਨਿਊਯਾਰਕ ਪਹੁੰਚਣ ਦੇ ਕੁਝ ਘੰਟਿਆਂ ਅੰਦਰ ਹੀ ਜੈਸ਼ੰਕਰ ਨੇ ਫਰਾਂਸ, ਇਕਵਾਡੋਰ, ਸਲੋਵਾਕੀਆ, ਹੰਗਰੀ, ਯੂਕਰੇਨ, ਮੋਲਡੋਵਾ ਤੇ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਉਰੂ ਦੇ ਰਾਸ਼ਟਰਪਤੀ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਯੂਰਪੀ ਦੇਸ਼ਾਂ ਦੇ ਮੰਤਰੀਆਂ ਤੇ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈਕੀਆ ਦੇ ਵਿਦੇਸ਼ ਮੰਤਰੀਆਂ ਨਾਲ ਭਾਰਤ-ਵਿਸ਼ੇਗ੍ਰਾਦ ਬੈਠਕ ’ਚ ਹਿੱਸਾ ਲਿਆ। ਜੈਸ਼ੰਕਰ ਨੇ 33 ਮੈਂਬਰੀ ਲਾਤੀਨੀ ਅਮਰੀਕੀ ਤੇ ਕੈਰੇਬੀਆਈ ਦੇਸ਼ਾਂ ਦੇ ਸਮੂਹ ਨਾਲ ਵੀ ਗੱਲਬਾਤ ਸ਼ੁਰੂ ਕੀਤੀ ਹੈ। ਇਸੇ ਦੌਰਾਨ ਭਾਰਤ ‘ਪਾਰਟਨਰਸ਼ਿਪ ਫਾਰ ਮਲਟੀਲੈਟਰਲਿਜ਼ਮ’ ਪਹਿਲ ਨਾਲ ਵੀ ਜੁੜ ਗਿਆ ਹੈ। ਯੂਰਪੀ ਸੰਘ, ਬ੍ਰਾਜ਼ੀਲ, ਕੈਨੇਡਾ ਤੇ ਕੀਨੀਆ ਵਲੋਂ ਸ਼ੁਰੂ ਕੀਤੀ ਇਸ ਪਹਿਲ ਦਾ ਮਕਸਦ ਸੰਯੁਕਤ ਰਾਸ਼ਟਰ ਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਭਾਰਤ, ਆਸਟ੍ਰੇਲੀਆ ਤੇ ਬਾਰਬਾਡੋਸ ਦੇ ਨਾਲ ਇਸ ਪਹਿਲ ਦਾ ਵਾਧੂ ਸਹਿ-ਪ੍ਰਾਯੋਜਕ ਬਣਿਆ ਹੈ। ਸੁਰੱਖਿਆ ਪ੍ਰੀਸ਼ਦ ਦੀ ਸੀਟ ਲਈ ਤਾਜਿਕਿਸਤਾਨ ਦੀ ਦਾਅਵੇਦਾਰੀ ਕਾਰਨ ਜੈਸ਼ੰਕਰ ਤੇ ਤਾਜਿਕ ਵਿਦੇਸ਼ ਮੰਤਰੀ ਸਿਰੋਜਿਦੀਨ ਮੁਹਰਿਦੀਨ ਵਿਚਾਲੇ ਸੰਭਾਵਿਤ ਮੁਲਾਕਾਤ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮਹੀਨੇ ਬਿਸ਼ਕੇਕ ’ਚ ਹੋਏ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਜਿਕਿਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮੋਨ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਭਾਰਤੀ ਅਧਿਕਾਰੀਆਂ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਉਸ ਗੱਲਬਾਤ ਦੌਰਾਨ ਸੁਰੱਖਿਆ ਕੌਂਸਲ ਦੀ ਸੀਟ ਸਬੰਧੀ ਕੋਈ ਭਰੋਸਾ ਮਿਲਿਆ ਸੀ। ਜੈਸ਼ੰਕਰ ਦੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਹੋਣ ਵਾਲੀ ਮੁਲਾਕਾਤ ਵੀ ਧਿਆਨ ਖਿੱਚ ਰਹੀ ਹੈ। ਦੋਵਾਂ ਦੇ ਏਜੰਡੇ ’ਚ ਭਾਰਤ-ਅਮਰੀਕਾ ਸਬੰਧਾਂ ਦੇ ਨਾਲ ਰੂਸ ਤੇ ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਮਰੀਕੀ ਪਾਬੰਦੀ ਕਾਨੂੰਨ ਨਾਲ ਜੁੜੇ ਮੁੱਦੇ ਵੀ ਸਾਹਮਣੇ ਆ ਸਕਦੇ ਹਨ। ਭਾਰਤ ਆਪਣੀ ਤੇਲ ਲੋੜ ਦਾ ਵੱਡਾ ਹਿੱਸਾ ਰੂਸ ਤੋਂ ਖਰੀਦ ਰਿਹਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਨਾਲ ਵੀ ਜੈਸ਼ੰਕਰ ਦੀ ਮੁਲਾਕਾਤ ਹੋਣ ਦੀ ਉਮੀਦ ਹੈ। ਇਸ ਦੌਰਾਨ ਭਾਰਤ-ਬੰਗਲਾਦੇਸ਼ ਸਬੰਧਾਂ ਦੇ ਨਾਲ ਸੰਯੁਕਤ ਰਾਸ਼ਟਰ ’ਚ ਸੁਧਾਰਾਂ ਤੇ ਹੋਰ ਸਾਂਝੇ ਮੁੱਦਿਆਂ ’ਤੇ ਗੱਲਬਾਤ ਹੋ ਸਕਦੀ ਹੈ। ਜੈਸ਼ੰਕਰ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਰੁਝੇਵਿਆਂ ਭਰਿਆ ਕੂਟਨੀਤਕ ਦੌਰ ਜਾਰੀ ਰਹੇਗਾ, ਜਿਸ ’ਚ ਅਮਰੀਕਾ, ਕੈਨੇਡਾ ਤੇ ਹੋਰ ਕਈ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦੇ ਨਾਲ ਅਮਰੀਕਾ, ਭਾਰਤ, ਜਾਪਾਨ ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਦੀ ਕਵਾਡ ਬੈਠਕ ’ਚ ਵੀ ਸ਼ਾਮਿਲ ਹੋਣ ਦੀ ਉਮੀਦ ਹੈ।